ਖੇਤਰੀ ਪ੍ਰਤੀਨਿਧ
ਬਟਾਲਾ, 17 ਜਨਵਰੀ
ਇੱਥੋਂ ਨੇੜਲੇ ਪਿੰਡ ਦਾਬਾਂਵਾਲ ਵਿੱਚ ਅਣਪਛਾਤੇ ਚੋਰਾਂ ਨੇ ਇੱਕ ਘਰ ਵਿੱਚ ਦਾਖ਼ਲ ਹੋ ਕੇ ਬਜ਼ੁਰਗ ਦਾ ਕਤਲ ਕਰ ਦਿੱਤਾ ਅਤੇ ਉਪਰੰਤ ਘਰ ਵਿੱਚੋਂ ਸੋਨੇ ਦੇ ਗਹਿਣੇ ਅਤੇ ਨਗਦੀ ਲੈ ਕੇ ਫ਼ਰਾਰ ਹੋ ਗਏ। ਮ੍ਰਿਤਕ ਦੀ ਸ਼ਨਾਖ਼ਤ ਜਗਤਾਰ ਚੰਦ (56) ਵਾਸੀ ਪਿੰਡ ਦਾਬਾਂਵਾਲ ਵਜੋਂ ਹੋਈ ਹੈ। ਘਟਨਾ ਮੌਕੇ ਬਜ਼ੁਰਗ ਘਰ ਵਿੱਚ ਇਕੱਲਾ ਸੀ ਅਤੇ ਬਾਕੀ ਪਰਿਵਾਰਕ ਮੈਂਬਰ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਗਏ ਹੋਏ ਸਨ। ਅਣਪਛਾਤੇ ਚੋਰਾਂ ਦੀਆਂ ਤਸਵੀਰਾਂ ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਰਿਕਾਰਡ ਹੋ ਗਈਆਂ ਹਨ। ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਪਰਿਵਾਰਕ ਮੈਂਬਰ ਕਰੀਬ 12 ਵਜੇ ਅੰਮ੍ਰਿਤਸਰ ਤੋਂ ਵਾਪਸ ਘਰ ਆਏ। ਥਾਣਾ ਘਣੀਏ ਕੇ ਬਾਂਗਰ ਦੀ ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਲੜਕੇ ਗੁਰਜਿੰਦਰ ਪਾਲ ਨੇ ਦੱਸਿਆ ਕਿ ਉਹ ਪਰਿਵਾਰ ਸਣੇ ਹਰਿਮੰਦਰ ਸਾਹਿਬ ਮੱਥਾ ਟੇਕਣ ਗਏ ਸਨ। ਉਸ ਦਾ ਪਿਤਾ ਘਰ ਵਿੱਚ ਇਕੱਲਾ ਸੀ, ਉਹ ਜਦੋਂ ਰਾਤ ਕਰੀਬ 12 ਵਜੇ ਵਾਪਸ ਆਏ ਤਾਂ ਘਰ ਵਿਚ ਉਸ ਦੇ ਪਿਤਾ ਦੀ ਲਾਸ਼ ਖ਼ੂਨ ਨਾਲ ਲਥਪਥ ਪਈ ਸੀ। ਚੋਰ ਅਲਮਾਰੀ ਵਿੱਚੋਂ ਕਰੀਬ 10 ਤੋਲੇ ਸੋਨੇ ਦੇ ਗਹਿਣੇ ਅਤੇ ਦਸ ਹਜ਼ਾਰ ਰੁਪਏ ਦੀ ਨਗਦੀ ਲੈ ਗਏ।
ਥਾਣਾ ਘਣੀਏ ਕੇ ਬਾਂਗਰ ਦੇ ਮੁਖੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਪਰਿਵਰਕ ਮੈਂਬਰਾਂ ਦੇ ਬਿਆਨ ਦਰਜ ਕਰ ਕੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਨ ਲਈ ਜਾਂਚ ਆਰੰਭ ਕਰ ਦਿੱਤੀ ਹੈ।