ਜਤਿੰਦਰ ਸਿੰਘ
ਸ੍ਰੀ ਗੋਇੰਦਵਾਲ ਸਾਹਿਬ, 19 ਅਪਰੈਲ
ਕਸਬੇ ਦੇ ਫਤਿਆਬਾਦ ਚੌਕ ਵਿੱਚ ਇੱਕ 60 ਸਾਲਾ ਬਜ਼ੁਰਗ ਨੇ ਪਿਛਲੇ 7 ਸਾਲਾ ਤੋਂ ਇਨਸਾਫ਼ ਨਾ ਮਿਲਣ ਦੇ ਰੋਸ ਵਜੋਂ ਅੱਜ ਮਰਨ ਵਰਤ ’ਤੇ ਬੈਠਣ ਦਾ ਫ਼ੈਸਲਾ ਕੀਤਾ। ਮਰਨ ਵਰਤ ’ਤੇ ਬੈਠੇ ਪ੍ਰਲਾਦ ਸਿੰਘ ਵਾਸੀ ਗੋਇੰਦਵਾਲ ਸਾਹਿਬ ਨੇ ਦੱਸਿਆ ਕਿ ਉਸ ਦੇ ਧੀ ਅਤੇ ਜਵਾਈ ਨੇ ਉਸ ਨਾਲ ਕਥਿਤ ਤੌਰ ’ਤੇ ਕਰੀਬ 50 ਲੱਖ ਰੁਪਏ ਦੀ ਧੋਖਾਧੜੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਸ ਦੀ ਲੜਕੀ ਕੰਵਲਜੀਤ ਕੌਰ ਅਤੇ ਜਵਾਈ ਰਣਜੀਤ ਸਿੰਘ ਵਾਸੀ ਪਿੰਡ ਬਾਮੁਵਾਲ ਜ਼ਿਲ੍ਹਾ ਕਪੂਰਥਲਾ ਨੇ ਉਸ ਦੀ ਗੈਰਹਾਜ਼ਰੀ ਵਿੱਚ ਉਸ ਦੀ ਪਤਨੀ ਨੂੰ ਭਰਮਾ ਕੇ ਸਾਰੀ ਜਾਇਦਾਦ ਵੇਚ ਦਿੱਤੀ, ਜਿਸ ਦੀ ਕੀਮਤ 50 ਲੱਖ ਰੁਪਏ ਬਣਦੀ ਸੀ। ਇਸ ਸਬੰਧੀ ਉਸ ਨੇ ਸੱਤ ਸਾਲ ਪਹਿਲਾਂ ਉਸ ਸਮੇਂ ਦੇ ਡੀਐੱਸਪੀ ਗੋਇੰਦਵਾਲ ਸਾਹਿਬ ਨੂੰ ਸ਼ਿਕਾਇਤ ਦਿੱਤੀ ਗਈ ਸੀ ਪਰ ਪੁਲੀਸ ਪ੍ਰਸ਼ਾਸਨ ਵੱਲੋਂ ਹਾਲੇ ਤੱਕ ਉਸ ਨੂੰ ਇਨਸਾਫ਼ ਨਹੀਂ ਦਿੱਤਾ ਗਿਆ। ਪ੍ਰਲਾਦ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਹ ਪਿਛਲੇ ਸੱਤ ਸਾਲਾਂ ਤੋਂ ਪੁਲੀਸ ਅਧਿਕਾਰੀਆਂ ਅਤੇ ਸਿਆਸੀ ਆਗੂਆ ਦੇ ਦਫਤਰਾਂ ਦੇ ਧੱਕੇ ਖਾ ਕੇ ਅੱਕ ਚੁੱਕਿਆ ਹੈ ਪਰ ਉਸ ਨੂੰ ਕਿਸੇ ਨੇ ਇਨਸਾਫ ਨਹੀਂ ਦੁਆਇਆ, ਜਿਸ ਕਾਰਨ ਉਸ ਨੇ ਅੱਜ ਤੋਂ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਪ੍ਰਲਾਦ ਸਿੰਘ ਨੇ ਪੁਲੀਸ ਪ੍ਰਸ਼ਾਸਨ ਅਤੇ ਸਥਾਨਕ ਵਿਧਾਇਕ ਰਮਨਜੀਤ ਸਿੰਘ ਸਿੱਕੀ, ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੂੰ ਚੌਂਕ ਵਿੱਚ ਬੋਰਡ ਲਗਾ ਕੇ ਇਨਸਾਫ ਇਨਸਾਫ ਦੀ ਗੁਹਾਰ ਲਾਈ ਹੈ। ਜ਼ਿਕਰਯੋਗ ਹੈ ਕਿ ਖਬਰ ਲਿਖੇ ਜਾਣ ਤੱਕ ਕੋਈ ਵੀ ਜ਼ਿੰਮੇਵਾਰ ਅਧਿਕਾਰੀ ਪ੍ਰਲਾਦ ਸਿੰਘ ਦੀ ਸਾਰ ਲੈਣ ਨਹੀਂ ਪੁੱਜਿਆ ਸੀ।