ਪੱਤਰ ਪ੍ਰੇਰਕ
ਪਠਾਨਕੋਟ, 10 ਮਈ
ਸ਼ਾਹਪੁਰਕੰਡੀ ਡੈਮ (ਬੈਰਾਜ) ਪ੍ਰਾਜੈਕਟ ਵਿੱਚ ਨੌਕਰੀਆਂ ਨਾ ਮਿਲਣ ਦੇ ਰੋਸ ਵਜੋਂ ਆਊਸਟੀ ਪਰਿਵਾਰਾਂ ਦੇ ਦੋ ਬਜ਼ੁਰਗ ਸ਼ਰਮ ਸਿੰਘ (86) ਤੇ ਕੁਲਵਿੰਦਰ ਸਿੰਘ (78) ਅੱਜ ਇੱਥੇ ਤੜਕਸਾਰ ਸਿਵਲ ਹਸਪਤਾਲ ਕੋਲ 120 ਫੁੱਟ ਉੱਚੇ ਟਾਵਰ ’ਤੇ ਚੜ੍ਹ ਗਏ। ਦੋਵਾਂ ਬਜ਼ੁਰਗਾਂ ਨੇ ਪ੍ਰਸ਼ਾਸਨ ਤੋਂ ਮੰਗ ਕਰਦੇ ਹੋਏ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀ ਇਹ ਮੰਗ ਪੂਰੀ ਨਹੀਂ ਹੁੰਦੀ ਤਦ ਤੱਕ ਉਹ ਹੇਠ ਨਹੀਂ ਉਤਰਨਗੇ।ਦੂਜੇ ਪਾਸੇ, ਸਵੇਰੇ ਜਿਉਂ ਹੀ ਦੋਵਾਂ ਬਜ਼ੁਰਗਾਂ ਦੇ ਟਾਵਰ ’ਤੇ ਚੜ੍ਹੇ ਹੋਣ ਦੀ ਜਾਣਕਾਰੀ ਪ੍ਰਸ਼ਾਸਨ ਨੂੰ ਮਿਲੀ ਤਾਂ ਥਾਣਾ ਡਿਵੀਜ਼ਨ ਨੰਬਰ-1 ਦੀ ਮੁਖੀ ਮਨਜੀਤ ਕੌਰ ਮੌਕੇ ’ਤੇ ਪੁੱਜੀ ਪਰ ਉਹ ਬਜ਼ੁਰਗਾਂ ਨੂੰ ਥੱਲੇ ਉਤਾਰਨ ਵਿੱਚ ਅਸਫ਼ਲ ਰਹੀ। ਇਸ ਉਪਰੰਤ ਏਐੱਸਪੀ ਸ਼ੁਭਮ ਅਗਰਵਾਲ, ਡੈਮ ਪ੍ਰਸ਼ਾਸਨ ਦੇ ਜੇਈ, ਐੱਸਡੀਓ ਅਤੇ ਐਕਸੀਅਨ ਵੀ ਉਨ੍ਹਾਂ ਨੂੰ ਮਨਾਉਣ ਲਈ ਪੁੱਜੇ ਪਰ ਬਜ਼ੁਰਗਾਂ ਨੇ ਕਿਹਾ ਕਿ ਸਰਕਾਰ ਦੇ ਠੋਸ ਫ਼ੈਸਲੇ ਤਕ ਉਹ ਹੇਠਾਂ ਨਹੀਂ ਉਤਰਨਗੇ। ਇਸ ਦੇ ਬਾਅਦ ‘ਆਪ’ ਦੇ ਹਲਕਾ ਇੰਚਾਰਜ ਵਿਭੂਤੀ ਸ਼ਰਮਾ ਨੇ ਵੀ ਬਜ਼ੁਰਗਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ।ਬੈਰਾਜ ਆਊਸਟੀ ਸੰਘਰਸ਼ ਕਮੇਟੀ ਦੇ ਪ੍ਰਧਾਨ ਦਿਆਲ ਸਿੰਘ ਨੇ ਦੱਸਿਆ ਕਿ ਸ਼ਾਹਪੁਰਕੰਡੀ ਡੈਮ ਪ੍ਰਾਜੈਕਟ ਵਿੱਚ ਉਨ੍ਹਾਂ ਦੀਆਂ ਜ਼ਮੀਨਾਂ ਐਕੁਆਇਰ ਕੀਤੀਆਂ ਗਈਆਂ ਸਨ, ਪਰ ਉਨ੍ਹਾਂ ਨੂੰ ਆਊਸਟੀ ਕੋਟੇ ਵਿੱਚੋਂ ਨੌਕਰੀਆਂ ਬਹੁਤ ਘੱਟ ਮਿਲੀਆਂ ਹਨ। ਬਹੁਤ ਸਾਰੇ ਲੋਕ ਵਿਭਾਗੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਬਾਹਰੋਂ ਆ ਕੇੇ ਨੌਕਰੀ ਪ੍ਰਾਪਤ ਕਰ ਗਏ।