ਪੱਤਰ ਪ੍ਰੇਰਕ
ਤਰਨ ਤਾਰਨ 15 ਜੁਲਾਈ
ਸੂਬੇ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਅੱਜ ਇੱਥੇ ਅੱਜ 66 ਕੇਵੀ ਸਬ-ਸਟੇਸ਼ਨ ਫੋਕਲ ਪੁਆਇੰਟ ਵਿੱਚ ਨਵੇਂ ਬਣੇ 11 ਕੇਵੀ ਬਰੇਕਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਬਿਜਲੀ ਵਿਭਾਗ ਪੰਜਾਬ ਨੇ ਇਸ ਸਾਲ 14 ਹਜ਼ਾਰ ਮੈਗਾਵਾਟ ਤੋਂ ਵੱਧ ਬਿਜਲੀ ਦੀ ਸਪਲਾਈ ਦੇ ਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਸ ਦੇ ਨਾਲ ਹੀ ਵਿਭਾਗ ਵੱਲੋਂ ਕਿਸਾਨਾਂ ਅਤੇ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਣੀ ਯਕੀਨੀ ਬਣਾਈ ਗਈ ਹੈ| ਉਨ੍ਹਾਂ ਕਿਹਾ ਕਿ ਸਰਕਾਰ ਨੇ ਪਿਛਲੇ ਚਾਰ ਮਹੀਨਿਆਂ ਵਿਚ 11 ਯੂਪੀਐਸ/ਬਰੇਕਰ ਸਥਾਪਿਤ ਕੀਤੇ ਹਨ| ਉਨ੍ਹਾਂ ਕਿਹਾ ਕਿ ਇਸ ਬਰੇਕਰ ਦੇ ਚਾਲੂ ਹੋਣ ਨਾਲ ਪਿੰਡ ਕੱਕਾ ਕਡਿਆਲਾ, ਬਹਿਲਾ, ਮੁਗਲ ਚੱਕ ਆਦਿ ਸਮੇਤ ਹਲਕੇ ਦੇ 2000 ਤੋਂ ਵੱਧ ਖ਼ਪਤਕਾਰਾਂ ਨੂੰ ਨਿਰਵਿਘਨ ਅਤੇ ਵਧੀਆ ਬਿਜਲੀ ਸਪਲਾਈ ਮਿਲੇਗੀ। ਹਲਕਾ ਵਿਧਾਇਕ ਤਰਨ ਤਾਰਨ ਕਸ਼ਮੀਰ ਸਿੰਘ ਸੋਹਲ ਨੇ ਕਿਹਾ ਕਿ ਇਸ ਵਾਰ ਝੋਨੇ ਦੇ ਸੀਜ਼ਨ ਵਿਚ ਸਭ ਤੋਂ ਵੱਧ ਬਿਜਲੀ ਦੀ ਸਪਲਾਈ ਮਿਲੀ ਹੈ। ਉਨ੍ਹਾਂ ਮੰਤਰੀ ਨੂੰ ਤਰਨ ਤਾਰਨ ਸ਼ਹਿਰ ਦੀ ਜੰਡਿਆਲਾ ਰੋਡ ’ਤੇ ਟ੍ਰੈਫਿਕ ਦੀ ਸਮੱਸਿਆ ਬਾਰੇ ਵੀ ਜਾਣੂ ਕਰਵਾਇਆ। ਮੰਤਰੀ ਨੇ ਰੋਡ ’ਤੇ ਆਰਓਬੀ ਬਣਾਉਣ ਲਈ ਤਜਵੀਜ਼ ਰੱਖਣ ਦਾ ਭਰੋਸਾ ਦਿੱਤਾ।