ਤਰਨ ਤਾਰਨ: ਸਿੱਖਿਆ ਵਿਭਾਗ ਵੱਲੋਂ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਕਰਵਾਏ ਗਏ ਵਿੱਦਿਅਕ ਮੁਕਾਬਲਿਆਂ ਦੌਰਾਨ ਨੌਸ਼ਹਿਰਾ ਪੰਨੂੰਆਂ ਬਲਾਕ ਦੇ ਮੁਕਾਬਲਿਆਂ ਵਿੱਚ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਸਰਕਾਰੀ ਐਲੀਮੈਂਟਰੀ ਸਕੂਲ ਚੁਤਾਲਾ ਦੇ ਵਿਦਿਆਰਥੀਆਂ ਦਾ ਸਕੂਲ ਵਿੱਚ ਕਰਵਾਏ ਇੱਕ ਸਮਾਗਮ ਵਿੱਚ ਸਨਮਾਨ ਕੀਤਾ ਗਿਆ| ਪਿੰਡ ਦੇ ਸਰਪੰਚ ਮੇਹਰ ਸਿੰਘ ਚੁਤਾਲਾ ਨੇ ਪੰਜਾਬੀ ਮਾਂ ਬੋਲੀ ਨੂੰ ਜਿਉਂਦਿਆਂ ਰੱਖਣ ਲਈ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਕੀਤੇ ਜਾਣ ਵਾਲੇ ਯਤਨਾਂ ਦੀ ਸ਼ਲਾਘਾ ਕੀਤੀ| ਉਨ੍ਹਾਂ ਪੰਜਾਬੀ ਮਾਂ ਬੋਲੀ ਦਾ ਰਾਸ਼ਟਰੀ ਪੱਧਰ ’ਤੇ ਸਨਮਾਨ ਬਹਾਲ ਕਰਨ ’ਤੇ ਵੀ ਜ਼ੋਰ ਦਿੱਤਾ| ਸਮਾਗਮ ਵਿੱਚ ਅਮਨਿੰਦਰਪਾਲ ਸਿੰਘ, ਜਤਿਨ ਕੁਮਾਰ, ਸ਼ਗਨਪ੍ਰੀਤ ਕੌਰ ਅਤੇ ਕੋਮਲਪ੍ਰੀਤ ਕੌਰ ਨੂੰ ਬਲਾਕ ਪੱਧਰ ’ਤੇ ਵੱਖ-ਵੱਖ ਮੁਕਾਬਲਿਆਂ ਵਿੱਚ ਪਹਿਲੇ ਸਥਾਨਾਂ ’ਤੇ ਆਉਣ ਲਈ ਸਨਮਾਨਿਤ ਕੀਤਾ ਗਿਆ| ਸਮਾਗਮ ਨੂੰ ਪਿੰਡ ਦੇ ਸਰਕਾਰੀ ਮਿਡਲ ਸਕੂਲ ਦੇ ਮੁਖੀ ਖੁਸ਼ਿਵੰਦਰ ਸਿੰਘ, ਐਲੀਮੈਂਟਰੀ ਸਕੂਲ ਦੀ ਮੁਖੀ ਸ੍ਰੀਮਤੀ ਗੁਲਸ਼ਨ ਅਤੇ ਪਿੰਡ ਦੇ ਪਤਵੰਤਿਆਂ ਨੇ ਵੀ ਸੰਬੋਧਨ ਕੀਤਾ| -ਪੱਤਰ ਪ੍ਰੇਰਕ