ਪੱਤਰ ਪ੍ਰੇਰਕ
ਤਰਨ ਤਾਰਨ, 5 ਅਗਸਤ
ਸੂਬਾ ਸਰਕਾਰ ਦੇ ਮੁਲਾਜ਼ਮਾਂ ਅਤੇ ਸੇਵਾਮੁਕਤ ਕਰਮਚਾਰੀਆਂ ਨੇ ਦੋ ਥਾਵਾਂ ’ਤੇ ਇਕੱਠ ਕਰ ਕੇ ਸੂਬਾ ਸਰਕਾਰ ਦੇ ਲਾਰਿਆਂ ਦੀ ਪੰਡ ਸਾੜੀ| ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਝੰਡੇ ਹੇਠ ਮੁਲਾਜ਼ਮਾਂ ਅਤੇ ਪੈਨਸ਼ਨਰ ਅਜੀਤ ਸਿੰਘ ਢੋਟੀਆਂ, ਬਲਜਿੰਦਰ ਸਿੰਘ ਦੋਬਲੀਆਂ, ਅਮਰੀਕ ਸਿੰਘ ਕੰਗ, ਕਾਰਜ ਸਿੰਘ ਕੈਰੋਂ, ਗੁਰਪ੍ਰੀਤ ਸਿੰਘ ਮੰਨਣ, ਪੂਰਨ ਸਿੰਘ ਮਾੜੀਮੇਘਾ, ਸੁੱਚਾ ਸਿੰਘ ਧੋਲ, ਪੂਰਨ ਦਾਸ, ਨਰਿੰਦਰ ਸਿੰਘ ਜੋਧਪੁਰ ਤੇ ਕਰਮ ਸਿੰਘ ਲਾਲਪੁਰ ਦੀ ਅਗਵਾਈ ਹੇਠ ਬੱਸ ਸਟੈਂਡ ਵਿੱਚ ਇਕੱਠੇ ਹੋਏੇ। ਉਨ੍ਹਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਮਸਲਿਆਂ ਨੂੰ ਅਣਗੌਲਿਆ ਕਰਨ ਦੇ ਵਤੀਰੇ ਖਿਲਾਫ਼ ਸਰਕਾਰ ਦਾ ਪਿੱਟ ਸਿਆਪਾ ਕੀਤਾ| ਇਸ ਮੌਕੇ ਗੁਰਪ੍ਰੀਤ ਸਿੰਘ ਗੰਡੀਵਿੰਡ, ਸਤਵਿੰਦਰ ਸਿੰਘ, ਰਜਵੰਤ ਸਿੰਘ ਬਾਗੜੀਆਂ, ਕੰਵਲਜੀਤ ਕੌਰ, ਬਲਵਿੰਦਰ ਸਿੰਘ ਪਲਾਸੌਰ ਤੇ ਨਰਿੰਦਰ ਬੇਦੀ ਨੇ ਮੁੱਖ ਮੰਤਰੀ ਵੱਲੋਂ ਮੀਟਿੰਗ ਬੁਲਾ ਕੇ ਖੁਦ ਮੁਲਤਵੀ ਕਰ ਦੇਣ ਦੀ ਨਿਖੇਧੀ ਕੀਤੀ| ਪੰਜਾਬ ਸਟੇਟ ਪੈਨਸ਼ਨਰਜ਼ ਤੇ ਸੀਨੀਅਰ ਸਿਟੀਜਨ ਵੈੱਲਫੇਅਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਜੀਤ ਸਿੰਘ ਫਤਿਹਚੱਕ ਦੀ ਅਗਵਾਈ ਹੇਠ ਸੇਵਾਮੁਕਤ ਕਰਮਚਾਰੀਆਂ ਨੇ ਗਾਂਧੀ ਮਿਉਂਸਿਪਲ ਪਾਰਕ ਵਿੱਚ ਇਕੱਠ ਕਰਨ ਉਪਰੰਤ ਮਾਰਚ ਕੀਤਾ ਤੇ ਸਰਕਾਰ ਦੀ ਅਰਥੀ ਸਾੜੀ|
ਪਠਾਨਕੋਟ (ਪੱਤਰ ਪ੍ਰੇਰਕ): ਪੀਐੱਸਐੱਸਐਫ ਦੇ ਜ਼ਿਲ੍ਹਾ ਪ੍ਰਧਾਨ ਰਵੀ ਦੱਤ ਦੀ ਅਗਵਾਈ ਵਿੱਚ ਇੱਥੇ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਫੂਕੀ ਗਈ। ਇਸ ਮੌਕੇ ਰਜਿੰਦਰ ਕੁਮਾਰ, ਸੁਭਾਸ਼ ਚੰਦਰ, ਸਰਪ੍ਰਸਤ ਮੰਗਤ ਸਿੰਘ, ਯੁੱਧਵੀਰ ਸਿੰਘ, ਮੋਹਨ ਸਿੰਘ ਤੇ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ ਹਾਜ਼ਰ ਸਨ। ਜ਼ਿਲ੍ਹਾ ਪ੍ਰਧਾਨ ਰਵੀ ਦੱਤ ਅਤੇ ਪੀਡਬਲਿਊਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਚੇਅਰਮੈਨ ਸਤੀਸ਼ ਸ਼ਰਮਾ ਨੇ ਕਿਹਾ ਕਿ ਜਲੰਧਰ ਵਿੱਚ ਜ਼ਿਮਨੀ ਚੋਣ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਮੰਨਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ 22 ਅਗਸਤ ਨੂੰ ਹੋਣ ਵਾਲੀ ਮੀਟਿੰਗ ਵਿੱਚ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੀਆਂ ਜ਼ਿਮਨੀ ਚੋਣਾਂ ਵਿੱਚ ਪੰਜਾਬ ਸਰਕਾਰ ਦਾ ਚੋਣਾਂ ਵਾਲੇ ਹਲਕਿਆਂ ਵਿੱਚ ਜਾ ਕੇ ਪਿੱਟ ਸਿਆਪਾ ਕੀਤਾ ਜਾਵੇਗਾ।