ਹਰਪ੍ਰੀਤ ਕੌਰ
ਹੁਸ਼ਿਆਰਪੁਰ, 24 ਜੁਲਾਈ
ਇਥੇ ਪੰਜਾਬ ਯੂਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਦੇ ਸੱਦੇ ’ਤੇ ਮਨਾਏ ਜਾ ਰਹੇ ਰੋਸ ਹਫ਼ਤੇ ਤਹਿਤ ਪੰਜਾਬ ਸੁੂਬਾਰਡੀਨੇਟ ਸਰਵਿਸਿਜ਼ ਫ਼ੈਡਰੇਸ਼ਨ ਵਲੋਂ ਅੱਜ ਆਖਰੀ ਦਿਨ ਸਥਾਨਕ ਮਿਨੀ ਸਕੱਤਰੇਤ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ’ਚ ਕਾਲੀਆਂ ਝੰਡੀਆਂ ਫ਼ੜ ਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ। ਮੁਲਾਜ਼ਮਾਂ ਨੇ ਮੰਗ ਕੀਤੀ ਕਿ ਨਵੀਂ ਭਰਤੀ ਮੌਕੇ ਕੇਂਦਰੀ ਸਕੇਲ ਦੇਣ ਵਾਲੇ ਨੋਟੀਫ਼ਿਕੇਸ਼ਨ ਨੂੰ ਰੱਦ ਕੀਤਾ ਜਾਵੇ, ਹਰ ਤਰ੍ਹਾਂ ਦੇ ਕੱਚੇ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇ, ਤਨਖਾਹ ਕਮਸ਼ਨ ਨੂੰ ਲਾਗੂ ਕੀਤਾ ਜਾਵੇ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਅਤੇ ਬਕਾਏ ਜਾਰੀ ਕੀਤੇ ਜਾਣ, ਨਵੀਂ ਭਰਤੀ ਰੈਗੂਲਰ ਕੀਤੀ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਅਤੇ ਵਿਭਾਗਾਂ ਅੰਦਰੋਂ ਅਸਾਮੀਆਂ ਨੂੰ ਖਤਮ ਕਰਨਾ ਬੰਦ ਕੀਤਾ ਜਾਵੇ। ਮੁਲਾਜ਼ਮਾਂ ਨੇ ਸਪਸ਼ਟ ਕੀਤਾ ਕਿ ਜੇਕਰ ਸਰਕਾਰ ਨੇ ਮੁਲਾਜ਼ਮ ਵਿਰੋਧੀ ਫ਼ੈਸਲੇ ਬੰਦ ਨਾ ਕੀਤੇ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਧਾਰੀਵਾਲ(ਸੁੱਚਾ ਸਿੰਘ ਪਸਨਾਵਾਲ): ਅੱਜ ਇਥੇ ਧਾਰੀਵਾਲ ਅੰਦਰ ਵੱਖ-ਵੱਖ ਥਾਂਵਾਂ ’ਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਪੰਜਾਬ ਅਤੇ ਯੂਟੀ ਮੁਲਾਜ਼ਮ ਅਤੇ ਪੈਨਸ਼ਨਰ ਸੰਘਰਸ਼ ਕਮੇਟੀ ਦੇ ਸੱਦੇ ’ਤੇ ਪੰਜਾਬ ਸਰਕਾਰ ਦੀਆਂ ਲਾਰੇ ਲੱਪੇ ਵਾਲੀਆਂ ਨੀਤੀਆਂ ਵਿਰੁੱਧ ਲਾਰਿਆਂ ਦਾ ਘੜਾ ਭੰਨ੍ਹ ਕੇ ਰੋਸ ਪ੍ਰਦਰਸ਼ਨ ਕੀਤਾ। ਰੋਸ ਪ੍ਰਦਰਸ਼ਨ ਵਿੱਚ ਵਿਸ਼ੇਸ ਤੌਰ ’ਤੇ ਸ਼ਾਮਲ ਹੋਏ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾਈ ਜੁਆਇੰਟ ਸਕੱਤਰ ਕੁਲਦੀਪ ਪੂਰੋਵਾਲ ਅਤੇ ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਰੰਧਾਵਾ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਲਾਰੇ ਲੱਪੇ ਵਾਲੀ ਨੀਤੀ ਨਾ ਛੱਡੀ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸੇ ਤਰ੍ਹਾਂ ਕਸਬਾ ਕਲਾਨੌਰ ਦੇ ਵੱਖ-ਵੱਖ ਥਾਂਵਾਂ ’ਤੇ ਪੰਜਾਬ ਅਤੇ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸੰਘਰਸ਼ ਕਮੇਟੀ ਦੇ ਸੱਦੇ ਤੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦੀਆਂ ਲਾਰੇ ਲੱਪੇ ਵਾਲੀਆਂ ਨੀਤੀਆਂ ਵਿਰੁੱਧ ਲਾਰਿਆਂ ਦਾ ਘੜਾ ਭੰਨ੍ਹ ਕੇ ਰੋਸ ਪ੍ਰਦਰਸ਼ਨ ਕੀਤਾ। ਇਸੇ ਤਰ੍ਹਾਂ ਸਫ਼ਾਈ ਸੇਵਕ ਯੂਨੀਅਨ ਪੰਜਾਬ ਵਲੋਂ ਸਰਕਾਰ ਖ਼ਿਲਾਫ਼ ਤਿੰਨ ਰੋਜ਼ਾ ਗੇਟ ਰੈਲੀਆਂ/ਰੋਸ ਮੁਜ਼ਾਹਰੇ ਕਰਨ ਦੇ ਲਏ ਫੈਸਲੇ ਅਨੁਸਾਰ ਅੱਜ ਤੀਜੇ ਤੇ ਆਖਰੀ ਦਿਨ ਵੀ ਨਗਰ ਕੌਂਸਲ ਧਾਰੀਵਾਲ ਦੇ ਸਫ਼ਾਈ ਸੇਵਕਾਂ ਵਲੋਂ ਮਿਊਂਸਿਪਲ ਦਫਤਰ ਧਾਰੀਵਾਲ ਵਿੱਚ ਮਿਊਂਸਿਪਲ ਐਂਪਲਾਈਜ਼ ਯੂਨੀਅਨ ਧਾਰੀਵਾਲ ਦੇ ਪ੍ਰਧਾਨ ਸਿਕੰਦਰ ਦੀ ਅਗਵਾਈ ਹੇਠ ਗੇਟ ਰੈਲੀ ਕੀਤੀ। ਮਗਰੋਂ ਸ਼ਹਿਰ ਵਿੱਚੋਂ ਲੰਘਦੇ ਮੁੱਖ ਮਾਰਗ ਉੱਪਰ ਬੱਸ ਸਟੈਂਡ ਕੋਲ ਸ਼ਹੀਦ ਭਗਤ ਸਿੰਘ ਚੌਕ ਵਿੱਚ ਘੜਾ ਭੰਨ੍ਹ ਕੇ ਸਰਕਾਰ ਵਿਰੁੱਧ ਆਪਣੀ ਭੜਾਸ ਕੱਢੀ ਅਤੇ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਤਰਨ ਤਾਰਨ(ਗੁਰਬਖਸ਼ਪੁਰੀ): ਇਥੇ ਆਸ਼ਾ ਤੇ ਫੈਸਿਲੀਟੇਟਰ ਵਰਕਰ ਯੂਨੀਅਨ ਵੱਲੋਂ ਅੱਜ ਇਥੋਂ ਦੇ ਸਿਵਲ ਸਰਜਨ ਦਫਤਰ ਸਾਹਮਣੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਦੇ ਕਥਿਤ ਝੂਠੇ ਵਾਅਦਿਆਂ ਦਾ ‘ਘੜਾ ਭੰਨ੍ਹਿਆ’। ਜਥੇਬੰਦੀ ਦੀ ਸੂਬਾ ਆਗੂ ਲਖਵਿੰਦਰ ਕੌਰ ਝਬਾਲ ਦੀ ਅਗਵਾਈ ਵਿੱਚ ਕੀਤੇ ਇਸ ਪ੍ਰਦਰਸ਼ਨ ਵਿੱਚ ਜ਼ਿਲ੍ਹਾ ਭਰ ਤੋਂ ਜਥੇਬੰਦੀ ਦੀਆਂ ਵਰਕਰਾਂ ਸ਼ਾਮਲ ਹੋਈਆਂ। ਇਸ ਮੌਕੇ ਆਸ਼ਾ ਵਰਕਰ ਯੂਨੀਅਨ ਦੀ ਸੂਬਾ ਜਨਰਲ ਸਕੱਤਰ ਲਖਵਿੰਦਰ ਕੌਰ ਝਬਾਲ ਨੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦੀ ਜ਼ੋਰਦਾਰ ਨਿਖੇਧੀ ਕੀਤੀ| ਇਸੇ ਤਰ੍ਹਾਂ ਪੰਜਾਬ ਤੇ ਯੂਟੀ ਮੁਲਾਜ਼ਮ ਸ਼ੰਘਰਸ ਕਮੇਟੀ ਦੇ ਸਾਂਝੇ ਫਰੰਟ ਦੇ ਸੱਦੇ ’ਤੇ ਅੱਜ ਸਥਾਨਕ ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਵਲੋਂ ਸੂਬਾ ਸਰਕਾਰ ਖ਼ਿਲਾਫ਼ ਆਪਣੇ ਰੋਹ ਦਾ ਪ੍ਰਗਟਾਵਾ ਕਰਦਿਆਂ ‘ਘੜਾ ਭੰਨ੍ਹ’ ਪ੍ਰਦਰਸ਼ਨ ਕੀਤਾ|
ਕਾਦੀਆਂ(ਮਕਬੂਲ ਅਹਿਮਦ): ਪੰਜਾਬ ਸਰਕਾਰ ਦੇ ਵਿਰੁੱਧ ਡਿਵੀਜ਼ਨ ਕਾਦੀਆਂ ਦੇ ਐਂਪਲਾਈਜ਼ ਅਤੇ ਭਾਰਤੀ ਜਥੇਬੰਦੀਆਂ ਦੇ ਕਰਮਚਾਰੀਆਂ ਨੇ ਘੜਾ ਭੰਨ੍ਹ ਕੇ ਰੋਸ ਰੈਲੀ ਕੀਤੀ। ਇਹ ਰੈਲੀ ਮੰਡਲ ਦਫ਼ਤਰ ਕਾਦੀਆਂ ਦੇ ਮੂਹਰੇ ਕੀਤੀ ਗਈ।
ਮੁਕੇਰੀਆਂ(ਜਗਜੀਤ ਸਿੰਘ): ਇਥੇ ਪੰਜਾਬ ਤੇ ਯੂਟੀ ਮੁਲਾਜ਼ਮ ਤੇ ਪੈਨਸ਼ਨਰਜ਼ ਜੁਆਇੰਟ ਫਰੰਟ ਵਲੋਂ ਇਕਾਈ ਪ੍ਰਧਾਨ ਅਨਤ ਰਾਮ ਦੀ ਅਗਵਾਈ ਵਿੱਚ ਕੌਮੀ ਮਾਰਗ ’ਤੇ ਸੂਬਾ ਸਰਕਾਰ ਖ਼ਿਲਾਫ਼ ਘੜਾ ਭੰਨ੍ਹ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਸੂਬਾ ਸਰਕਾਰ ਲਗਾਤਾਰ ਮੁਲਾਜ਼ਮ ਤੇ ਪੈਨਸ਼ਨਰਜ਼ ਵਿਰੋਧੀ ਫੈਸਲੇ ਲੈ ਰਹੀ ਹੈ। ਪਿਛਲੇ ਤਿੰਨ ਸਾਲਾਂ ਤੋਂ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਨਹੀਂ ਕੀਤੀ ਜਾ ਰਹੀ ਅਤੇ ਨਾ ਹੀ ਐਡਹਾਕ, ਠੇਕਾ ਅਧਾਰਿਤ, ਵਰਕਚਾਰਜ ਅਤੇ ਆਉਟ ਸੌਰਸਿਜ ਅਧੀਨ ਕੰਮ ਕਰਦੇ ਕਾਮਿਆਂ ਨੂੰ ਪੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਉਕਤ ਕਾਮਿਆਂ ਨੂੰ ਐਂਪਲਾਈਜ਼ ਵੈਲਫੇਅਰ ਐਕਟ ਅਧੀਨ ਪੂਰੀ ਤਨਖਾਹ ਤੇ ਪੱਕਿਆਂ ਕੀਤਾ ਜਾਵੇ, ਜਨਵਰੀ 2004 ਤੋਂ ਭਰਤੀ ਕੀਤੇ ਮੁਲਾਜ਼ਮਾਂ ’ਤੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਆਦਿ ਮੰਗਾਂ ਰੱਖੀਆਂ।
ਨਵੇਂ ਭਰਤੀ ਹੋਣ ਵਾਲੇ ਮੁਲਾਜ਼ਮਾਂ ਨੂੰ ਕੇਂਦਰੀ ਪੈਟਰਨ ’ਤੇ ਤਨਖਾਹਾਂ ਦੇਣ ਦਾ ਵਿਰੋਧ
ਬਲਾਚੌਰ(ਗੁਰਦੇਵ ਸਿੰਘ ਗਹੂੰਣ): ਇਥੇ ਡੈਮੋਕਰੈਟਿਕ ਟੀਚਰਜ਼ ਫਰੰਟ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਪ੍ਰਧਾਨ ਮੁਲਖ ਰਾਜ ਅਤੇ ਜਨਰਲ ਸਕੱਤਰ ਕੁਲਦੀਪ ਸਿੰਘ ਜੇਠੂ ਮਜਾਰਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ 17 ਜੁਲਾਈ 2020 ਨੂੰ ਜਾਰੀ ਕੀਤੇ ਪੱਤਰ ਹੈ ਅਨੁਸਾਰ ਨਵੇਂ ਭਰਤੀ ਹੋਣ ਵਾਲੇ ਮੁਲਾਜ਼ਮਾਂ ਨੂੰ ਕੇਂਦਰੀ ਪੈਟਰਨ ’ਤੇ ਹੀ ਤਨਖਾਹ ਅਤੇ ਭੱਤੇ ਮਿਲਣਗੇ। ਉਕਤ ਆਗੂਆਂ ਨੇ ਕਿਹਾ ਕਿ ਇਸ ਪੱਤਰ ਨੇ ਜਿੱਥੇ ਨਵੇਂ ਭਰਤੀ ਹੋਣ ਵਾਲੇ ਮੁਲਾਜ਼ਮਾਂ ਦੇ ਹੱਕਾਂ ’ਤੇ ਡਾਕਾ ਮਾਰਿਆ ਹੈ, ਉੱਥੇ ਦਸੰਬਰ 2011 ਵਿੱਚ 72 ਕੈਟਾਗਰੀਆਂ ਦੇ ਅਪਗ੍ਰੇਡ ਕੀਤੇ ਤਨਖਾਹ ਸਕੇਲਾਂ ਨੂੰ ਵੀ ਖਤਮ ਕੀਤਾ ਹੈ।
ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਵੱਲੋਂ ਮੁਜ਼ਾਹਰਾ
ਅੰਮ੍ਰਿਤਸਰ(ਪੱਤਰ ਪ੍ਰੇਰਕ): ਪੰਜਾਬ ਤੇ ਯੂਟੀ ਮੁਲਾਜ਼ਮ/ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ ’ਤੇ ਅੱਜ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਵਲੋਂ ਇਥੇ ਛੇਹਰਟਾ ਵਿਖੇ ਮਿਊਂਸਪਲ ਦਫਤਰ ਦੇ ਸਾਹਮਣੇ ਕੈਪਟਨ ਸਰਕਾਰ ਦੇ ਪਾਪਾਂ ਦਾ ਘੜਾ ਭੰਨ੍ਹਿਆ ਗਿਆ। ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਵਡਾਲੀ, ਜਨਰਲ ਸਕੱਤਰ ਰਕੇਸ਼ ਧਵਨ, ਪਸਸਫ ਜਨਰਲ ਸਕੱਤਰ ਜਸਵੰਤ ਰਾਏ ਦੀ ਅਗਵਾਈ ਵਿੱਚ ਇਕੱਤਰ ਹੋਏ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਬਲਕਾਰ ਵਲਟੋਹਾ ਤੇ ਹਰਦੇਵ ਸਿੰਘ ਭਕਨਾ ਨੇ ਕਿਹਾ ਕਿ ਸਰਕਾਰ ਨੇ ਤਿੰਨ ਸਾਲ ਬੀਤ ਜਾਣ ਬਾਅਦ ਵੀ ਵਾਅਦਾ ਤਾਂ ਕੀ ਨਿਭਾਉਣਾ ਸੀ, ਉਲਟਾ ਮਿਲਦਾ ਵੀ ਖੋਹਣਾ ਸ਼ੁਰੂ ਕਰ ਦਿੱਤਾ ਹੈ।