ਡਾ. ਰਾਜਿੰਦਰ ਸਿੰਘ
ਡੇਰਾ ਬਾਬਾ ਨਾਨਕ, 11 ਫਰਵਰੀ
ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ’ਚ ਇਸ ਵੇਲੇ ਚੋਣ ਅਖਾੜਾ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਹੈ। ਇਥੇ ਅਕਾਲੀ ਦਲ ਦੇ ਉਮੀਦਵਾਰ ਰਵੀਕਰਨ ਸਿੰਘ ਕਾਹਲੋਂ ਨੂੰ ਉਸ ਵੇਲੇ ਵੱਡਾ ਸਿਆਸੀ ਹੁਲਾਰਾ ਮਿਲਿਆ, ਜਦੋ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਰਵੀਕਰਨ ਕਾਹਲੋਂ ਦੇ ਹੱਕ ਵਿਚ ਨਿੱਤਰ ਆਏ, ਜੋ ਕਿ ਕਾਹਲੋਂ ਦੀ ਡੇਰਾ ਬਾਬਾ ਨਾਨਕ ਹਲਕੇ ਤੋਂ ਟਿਕਟ ਐਲਾਨਣ ਤੋਂ ਬਾਅਦ ਲਗਾਤਾਰ ਚੁੱਪ ਸਨ| ਹਾਲਾਂਕਿ ਉਨ੍ਹਾਂ ਵਲੋਂ ਹਲਕੇ ਦੇ ਆਪਣੇ ਵਰਕਰਾਂ ਨੂੰ ਰਵੀਕਰਨ ਦੇ ਹੱਕ ਵਿਚ ਤੋਰ ਦਿੱਤਾ ਗਿਆ ਸੀ ਪਰ ਲੰਗਾਹ ਖੁਦ ਅਤੇ ਉਨ੍ਹਾਂ ਦੇ ਸਪੁੱਤਰ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਵਲੋਂ ਇੱਕ ਵੀ ਮੀਟਿੰਗ ਕਾਹਲੋਂ ਦੇ ਹੱਕ ਵਿਚ ਨਹੀਂ ਸੀ ਕੀਤੀ ਗਈ| ਸੁੱਚਾ ਸਿੰਘ ਲੰਗਾਹ ਨੇ ਸ੍ਰੀ ਅਕਾਲ ਤਖ਼ਤ ਦੇ ਹੁਕਮ ਦੀ ਪ੍ਰਵਾਹ ਨਾ ਕਰਦੇ ਹੋਏ ਡੇਰਾ ਬਾਬਾ ਨਾਨਕ ਹਲਕੇ ਦੇ ਕੁਝ ਪਿੰਡਾਂ ’ਚ ਕਾਹਲੋਂ ਦੇ ਹੱਕ ਵਿੱਚ ਮੀਟਿੰਗਾਂ ਕੀਤੀਆਂ ਅਤੇ ਲੋਕਾਂ ਨੂੰ ਕਾਹਲੋਂ ਦੇ ਹੱਕ ’ਚ ਵੋਟਾਂ ਪਾਉਣ ਦੀ ਅਪੀਲ ਵੀ ਕੀਤੀ| ਲੰਗਾਹ ਵਲੋਂ ਰਵੀਕਰਨ ਕਾਹਲੋਂ ਦੇ ਹੱਕ ਵਿਚ ਉਤਰਨ ਮਗਰੋਂ ਹਲਕੇ ਦੇ ਅਕਾਲੀ ਵਰਕਰਾਂ ’ਚ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ|