ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ
ਕਾਦੀਆਂ/ ਬਟਾਲਾ, 17 ਫਰਵਰੀ
ਹਲਕਾ ਕਾਂਦੀਆਂ ਤੋਂ ਅਕਾਲੀ-ਬਸਪਾ ਦੇ ਉਮੀਦਵਾਰ ਗੁਰਇਕਬਾਲ ਸਿੰਘ ਮਾਹਲ ਨੇ ਦਰਜਨ ਤੋਂ ਵੱਧ ਪਿੰਡਾਂ ਦਾ ਦੌਰਾ ਕਰਦਿਆਂ ਦੱਸਿਆ ਕਿ ਬਾਜਵਾ ਪਰਿਵਾਰ ਨੂੰ ਵਾਰ-ਵਾਰ ਪਰਖ ਚੁੱਕੇ ਲੋਕ ਹੁਣ ਕਾਦੀਆਂ ਦੀ ਤਕਦੀਰ ਬਦਲਣ ਲਈ ਇੱਕ ਮੌਕਾ ਮਾਹਲ ਪਰਿਵਾਰ ਨੂੰ ਦੇਣ। ਮਾਹਲ ਨੇ ਆਖਿਆ ਕਿ ਕਾਦੀਆਂ ਦੁਨੀਆ ਦੇ ਇਤਿਹਾਸ ਵਿੱਚ ਮਹੱਤਵਪੂਰਨ ਮੁਕਾਮ ਰੱਖਦਾ ਹੈ ਪਰ ਇਸ ਹਲਕੇ ਅਤੇ ਸ਼ਹਿਰ ਨੂੰ ਅੱਜ ਤੱਕ ਤਵੱਜੋ ਨਹੀਂ ਮਿਲ ਸਕੀ, ਜਿਸ ਦਾ ਇਹ ਹੱਕਦਾਰ ਹੈ। ਉਨ੍ਹਾਂ ਕਿਹਾ ਕਿ ਕਾਂਦੀਆਂ ਹਲਕੇ ਦੇ ਪਿੰਡਾਂ ਦੇ ਲੋਕ ਆਜ਼ਾਦੀ ਦੀ ਪੌਣੀ ਸਦੀ ਬਾਅਦ ਵੀ ਪਾਣੀ ਦੀ ਨਿਕਾਸੀ, ਕੂੜਾ-ਕਰਕਟ, ਟੁੱਟੀਆਂ ਸੜਕਾਂ ਅਤੇ ਬਦ-ਇੰਤਜ਼ਾਮੀ ਦੀਆਂ ਸਮੱਸਿਆਵਾਂ ਨਾਲ ਦੋ-ਚਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਹਲਕੇ ਦੇ ਲੋਕਾਂ ਨੇ ਬਾਜਵਾ ਪਰਿਵਾਰ ਨੂੰ ਲਗਪਗ ਪੰਜਾਹ ਸਾਲ ਤੋਂ ਵੱਧ ਸਮਾਂ ਨੁਮਾਇੰਦਗੀ ਸੌਂਪੀ ਪਰ ਉਨ੍ਹਾਂ ਹਲਕੇ ਦੀ ਜੂਨ ਸਵਾਰਨ ਲਈ ਕੁਝ ਨਹੀਂ ਕੀਤਾ। ਬੇਟ ਖੇਤਰ ਵਿਚ ਸੇਮ ਦੀ ਸਮੱਸਿਆ ਨੇ ਲੋਕਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ ਅਤੇ ਬੇਰੁਜ਼ਗਾਰੀ ਨੇ ਇਲਾਕੇ ਦੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਾਜਵਾ ਪਰਿਵਾਰ ਨੇ ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਕੁਝ ਨਹੀਂ ਕੀਤਾ। ਇਸ ਮੌਕੇ ਬਾਬਾ ਬੁੱਧ ਸਿੰਘ ਨਿੱਕੇ ਘੁੰਮਣਾਂ ਵਾਲੇ, ਸਾਬਕਾ ਐਸਜੀਪੀਸੀ ਜਥੇਦਾਰ ਰਤਨ ਸਿੰਘ ਜ਼ਫਰਵਾਲ, ਸਾਬਕਾ ਓਐਸਡੀ ਹਰਦੀਪ ਸਿੰਘ ਭੰਵਰਾ, ਇਸਤਰੀ ਅਕਾਲੀ ਦਲ ਦੀ ਜ਼ਿਲਾ ਪ੍ਰਧਾਨ ਬੀਬੀ ਸ਼ਰਨਜੀਤ ਕੌਰ ਜੀਂਦੜ, ਐਡਵੋਕੇਟ ਗੁਰਦੇਵ ਸਿੰਘ ਸੋਹਲ ਸਮੇਤ ਹੋਰ ਹਾਜ਼ਰ ਸਨ।