ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 13 ਅਪਰੈਲ
ਕਣਕ ਦੀ ਖ਼ਰੀਦ ਸ਼ੁਰੂ ਹੋਈ ਨੂੰ ਅੱਜ ਤੀਜਾ ਦਿਨ ਹੋ ਗਿਆ ਹੈ, ਪਰ ਇਸ ਦੇ ਬਾਵਜੂਦ ਜੰਡਿਆਲਾ ਗੁਰੂ ਅਨਾਜ ਮੰਡੀ ਵਿੱਚ ਕਿਸਾਨਾਂ ਵਾਸਤੇ ਮਾਰਕੀਟ ਕਮੇਟੀ ਨੇ ਕੋਈ ਸਹੂਲਤ ਮੁਹੱਈਆ ਨਹੀਂ ਕਰਵਾਈ ਗਈ। ਬੇਸ਼ੱਕ ਭਾਵੇਂ ਮਾਰਕੀਟ ਕਮੇਟੀ ਜੰਡਿਆਲਾ ਗੁਰੂ ਇਹ ਡੰਕਾ ਵਜਾ ਰਹੀ ਹੈ ਕਿ ਉਸ ਨੇ ਕਿਸਾਨਾਂ ਲਈ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਦਿੱਤੀਆਂ ਹਨ ਪਰ ਅਸਲੀਅਤ ਵਿੱਚ ਮਾਰਕੀਟ ਕਮੇਟੀ ਦੇ ਇਹ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਅੱਜ ਪੱਤਰਕਾਰਾਂ ਨੇ ਕਣਕ ਦੀ ਖ਼ਰੀਦ ਸਬੰਧੀ ਜਾਣਕਾਰੀ ਲੈਣ ਲਈ ਜਦੋਂ ਅਨਾਜ ਮੰਡੀ ਜੰਡਿਆਲਾ ਗੁਰੂ ਦਾ ਦੌਰਾ ਕੀਤਾ ਤਾਂ ਉਥੇ ਮੌਜੂਦ ਕਿਸਾਨਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਰੋਨਾ ਮਹਾਂਮਾਰੀ ਫਿਰ ਆਪਣਾ ਫਨ ਖਿਲਾਰ ਚੁੱਕੀ ਹੈ ਤੇ ਸਰਕਾਰ ਵਾਰ-ਵਾਰ ਇਸ ਤੋਂ ਬਚਣ ਦੀਆਂ ਹਦਾਇਤਾਂ ਦੇ ਰਹੀ ਹੈ, ਪਰ ਇਸਦੇ ਬਾਵਜੂਦ ਸਾਰੀ ਦਾਣਾ ਮੰਡੀ ਵਿੱਚ ਕਿਤੇ ਵੀ ਸੈਨੀਟਾਈਜ਼ਰ ਅਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਹੀਂ ਹੈ। ਕਿਸਾਨਾਂ ਨੇ ਦੱਸਿਆ ਦਾਣਾ ਮੰਡੀ ਵਿੱਚ ਬਣੇ ਪਾਖਾਨਿਆਂ ਨੂੰ ਵੀ ਮਾਰਕੀਟ ਕਮੇਟੀ ਵੱਲੋਂ ਤਾਲੇ ਲਾਏ ਹੋਏ ਹਨ। ਇਸ ਦੇ ਨਾਲ ਹੀ ਸਾਫ਼ ਸਫ਼ਾਈ ਦੀ ਵੀ ਬਹੁਤ ਵੱਡੀ ਘਾਟ ਦਿਖਾਈ ਦਿੱਤੀ ਅਤੇ ਕਣਕ ਵਾਲੇ ਫੜ ਦੇ ਕੁਝ ਹਿੱਸਿਆਂ ਵਿੱਚ ਕਣਕ ਦੀ ਖ਼ਰੀਦ ਸ਼ੁਰੂ ਹੋਣ ਦੇ ਤੀਜੇ ਦਿਨ ਵੀ ਸਫ਼ਾਈ ਹੋ ਰਹੀ ਸੀ ਅਤੇ ਜਗ੍ਹਾ-ਜਗ੍ਹਾ ਉੱਪਰ ਘਾਹ ਉੱਗਿਆ ਹੋਇਆ ਸੀ। ਮੰਡੀ ਦੇ ਸ਼ੈੱਡਾਂ ਵਿੱਚ ਜ਼ਿਆਦਾਤਰ ਲਾਈਟਾਂ ਬੰਦ ਪਈਆਂ ਹੋਈਆਂ ਨੇ ਅਤੇ ਬਹੁਤ ਸਾਰੇ ਜਗ੍ਹਾ ਉੱਤੇ ਬਿਜਲੀ ਦੇ ਜੋੜ ਨੰਗੇ ਪਏ ਸਨ। ਜਿਨ੍ਹਾਂ ਵਿੱਚ ਕਿਸੇ ਵੇਲੇ ਵੀ ਸਪਾਰਕ ਹੋਣ ’ਤੇ ਕੋਈ ਅਣਸੁਖਾਵੀਂ ਵੱਡੀ ਘਟਨਾ ਵਾਪਰ ਸਕਦੀ ਹੈ, ਜਿਸ ਨਾਲ ਫ਼ਸਲ ਅਤੇ ਜਾਨੀ ਨੁਕਸਾਨ ਵੀ ਹੋ ਸਕਦਾ ਹੈ, ਕਿਉਂਕਿ ਇਨ੍ਹਾਂ ਸ਼ੈੱਡਾਂ ਥੱਲੇ ਹੀ ਕਣਕ ਨਾਲ ਭਰੀਆਂ ਬੋਰੀਆਂ ਦੀਆਂ ਧਾਕਾਂ ਲਗਾਈਆਂ ਜਾਣੀਆਂ ਹਨ। ਇਸ ਸਬੰਧੀ ਜਦੋਂ ਮਾਰਕੀਟ ਕਮੇਟੀ ਗਹਿਰੀ ਮੰਡੀ ਦੇ ਸੈਕਟਰੀ ਰਮਨਦੀਪ ਸਿੰਘ ਥਿੰਦ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਇਸ ਸਭ ਲਈ ਸਬੰਧਤ ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਹੈ, ਜਿਸ ਨਾਲ ਮੰਡੀ ਵਿੱਚ ਫਸਲ ਲਿਆਉਣ ਵਾਲੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।
ਸ੍ਰੀ ਗੋਇੰਦਵਾਲ ਸਾਹਿਬ (ਜਤਿੰਦਰ ਸਿੰਘ ਬਾਵਾ): ਪੰਜਾਬ ਸਰਕਾਰ ਵੱਲੋਂ ਕਣਕ ਦੀ ਸਰਕਾਰੀ ਖਰੀਦ 10 ਅਪਰੈਲ ਤੋਂ ਸੁਰੂ ਕਰ ਦਿੱਤੀ ਗਈ ਹੈ ਤੇ ਸਰਕਾਰ ਵੱਲੋਂ ਮੰਡੀਆਂ ਵਿੱਚ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਕਰਨ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ ਪਰ ਹਲਕਾ ਖਡੂਰ ਸਾਹਿਬ ਦੀਆਂ ਮੰਡੀਆ ’ਚ ਸਰਕਾਰੀ ਪਰਬੰਧਾ ਦੀ ਵੱਡੀ ਘਾਟ ਦਿਖਾਈ ਦਿੱਤੀ। ਇਸ ਸਬੰਧੀ ਗੋਇੰਦਵਾਲ ਸਾਹਿਬ, ਖਡੂਰ ਸਾਹਿਬ ਤੇ ਫਤਿਆਬਾਦ ਦੀ ਦਾਣਾ ਮੰਡੀ ’ਚ ਮਾਰਕੀਟ ਕਮੇਟੀ ਵੱਲੋਂ ਕੀਤੇ ਇੰਤਜਾਮਾ ਦਾ ਵੇਰਵਾ ਲੈਣ ਲਈ ਜਦੋਂ ਪੱਤਰਕਾਰਾਂ ਦੀ ਟੀਮ ਪਹੁੰਚੀ ਤਾਂ ਵੇਖਿਆ ਕਿ ਮੰਡੀ ਵਿਚ ਚੌਥੇ ਦਿਨ ਕਣਕ ਦੀਆਂ ਢੇਰੀਆਂ ਵਾਸਤੇ ਸਿਰਫ ਮਾਰਕਿੰਗ ਹੀ ਕੀਤੀ ਦਿਖਾਈ ਦਿੱਤੀ ਗਈ ਪਰ ਹੋਰ ਕੋਈ ਦੂਜਾ ਇੰਤਜਾਮ ਦਿਖਾਈ ਨਹੀਂ ਦਿੱਤਾ। ਸਰਕਾਰੀ ਹਦਾਇਤਾਂ ਅਨੁਸਾਰ ਕੀਤੇ ਜਾਣ ਵਾਲੇ ਪ੍ਰਬੰਧ ਜਿਵੇਂ ਕਿ ਕਿਸਾਨਾਂ ਦੇ ਬੈਠਣ ਲਈ ਟੈਂਟ, ਪੀਣ ਵਾਲੇ ਪਾਣੀ, ਬਿਜਲੀ ਤੇ ਬਾਥਰੂਮਾਂ ਤੋਂ ਇਲਾਵਾ ਮੰਡੀ ਨੂੰ ਸੈਨੀਟਾਈਜਰ ਕਰਨ ਦੇ ਪ੍ਰਬੰਧ ਅਜੇ ਤੱਕ ਦਿਖਾਈ ਨਹੀਂ ਦਿੱਤੇ।
ਇਸ ਸਬੰਧੀ ਆੜ੍ਹਤੀ ਅਐਸੋਸੀਏਸ਼ਨ ਫਤਿਆਬਾਦ ਦੇ ਪ੍ਰਧਾਨ ਪ੍ਰਮਬੀਰ ਸਿੰਘ ਸੰਧੂ ਨੇ ਕਿਹਾ ਕਿ ਕਣਕ ਦੀ ਖਰੀਦ ਲਈ ਸਭ ਤੋਂ ਜ਼ਰੂਰੀ ਬਾਰਦਾਨਾ ਮੰਡੀ ’ਚ ਅਜੇ ਤਕ ਨਹੀਂ ਪਹੁੰਚਿਆ ਤੇ ਬਾਕੀ ਪ੍ਰਬੰਧ ਵੀ ਅਧੂਰੇ ਹਨ। ਅਜਿਹੇ ਵਿੱਚ ਜੇ ਕਿਸਾਨ ਮੰਡੀ ’ਚ ਕਣਕ ਲੈ ਕੇ ਆਉਂਦਾ ਹੈ ਉਸਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਬਾਰੇ ਮਾਰਕੀਟ ਕਮੇਟੀ ਸੈਕਟਰੀ ਹਰਬਰਿੰਦਰ ਸਿੰਘ ਨੇ ਦੱਸਿਆ ਕਿ ਮੰਡੀ ਵਿੱਚ 30 ਵਰਗ ਫੁਟ ਦੇ ਖਾਨੇ ਬਣਾ ਦਿੱਤੇ ਹਨ ਜਿਨ੍ਹਾਂ ’ਚ ਇਕ ਖਾਨਾ ਛੱਡ ਕੇ ਢੇਰੀਆਂ ਲਗਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਬਿਜਲੀ ਪਾਣੀ ਤੇ ਬਾਕੀ ਰਹਿੰਦੇ ਇੰਤਜਾਮ ਇਕ ਦੋ ਦਿਨਾਂ ’ਚ ਪੂਰੇ ਕਰ ਲੈ ਜਾਣਗੇ।