ਐਨਪੀ.ਧਵਨ
ਪਠਾਨਕੋਟ, 15 ਫਰਵਰੀ
ਪਠਾਨਕੋਟ ਨਗਰ ਨਿਗਮ ਚੋਣਾਂ ਸਬੰਧੀ ਸਾਰੇ ਉਮੀਦਵਾਰਾਂ ਦੀ ਕਿਸਮਤ ਈਵੀਐਮ ਮਸ਼ੀਨਾਂ ਵਿੱਚ ਕੈਦ ਹੋ ਗਈ ਹੈ। ਇਹ ਸਾਰੀਆਂ ਮਸ਼ੀਨਾਂ ਪਠਾਨਕੋਟ ਦੇ ਐਸਡੀ ਕਾਲਜ ਵਿੱਚ ਬਣਾਏ ਗਏ ਸਟਰਾਂਗ ਰੂਮ ਵਿੱਚ ਸਖਤ ਸੁਰੱਖਿਆ ਪਹਿਰੇ ਹੇਠ ਰੱਖੀਆਂ ਗਈਆਂ ਹਨ। 17 ਤਰੀਕ ਨੂੰ ਗਿਣਤੀ ਇਥੇ ਐਸਡੀ ਕਾਲਜ ਵਿੱਚ ਬਣਾਏ ਗਿਣਤੀ ਕੇਂਦਰ ਹਾਲ ਵਿੱਚ ਕੀਤੀ ਜਾਵੇਗੀ। ਦੂਸਰੇ ਪਾਸੇ ਅੱਜ ਸ਼ਹਿਰ ਅੰਦਰ ਉਮੀਦਵਾਰਾਂ ਦੀ ਜਿੱਤ ਹਾਰ ਨੂੰ ਲੈ ਕੇ ਸਾਰਾ ਦਿਨ ਬਜ਼ਾਰਾਂ, ਗਲੀਆਂ ਅੰਦਰ ਚਰਚਾ ਚਲਦੀ ਰਹੀ।
ਚੋਣਕਾਰ ਅਫਸਰ ਕਮ ਵਧੀਕ ਡਿਪਟੀ ਕਮਿਸ਼ਨਰ ਸਰਬਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਸਾਰੀਆਂ ਮਸ਼ੀਨਾਂ ਨੂੰ ਸਟਰਾਂਗ ਰੂਮ ਵਿੱਚ ਰੱਖਿਆ ਗਿਆ ਹੈ ਅਤੇ ਚੋਣ ਕਮਿਸ਼ਨ ਦੀਆਂ ਗਾਈਡ ਲਾਈਨਾਂ ਅਨੁਸਾਰ ਉਥੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਅਤੇ ਸਖਤ ਸੁਰੱਖਿਆ ਪਹਿਰਾ ਵੀ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ 17 ਤਰੀਕ ਨੂੰ ਸਵੇਰੇ 9 ਵਜੇ ਗਿਣਤੀ ਸ਼ੁਰੂ ਹੋਵੇਗੀ। ਪਹਿਲੇ ਦੌਰ ਵਿੱਚ ਸੁਜਾਨਪੁਰ ਨਗਰ ਕੌਂਸਲ ਦੇ ਕੁੱਲ 15 ਵਾਰਡਾਂ ਦੇ 23 ਬੂਥਾਂ ਦੀ ਗਿਣਤੀ ਕੀਤੀ ਜਾਵੇਗੀ। ਉਸ ਦੇ ਬਾਅਦ ਪਠਾਨਕੋਟ ਨਗਰ ਨਿਗਮ ਦੇ 129 ਬੂਥਾਂ ਦੀਆਂ ਈਵੀਐਮ ਮਸ਼ੀਨਾਂ ਖੋਲ੍ਹੀਆਂ ਜਾਣਗੀਆਂ।