ਐਨਪੀ. ਧਵਨ
ਪਠਾਨਕੋਟ, 9 ਅਕਤੂਬਰ
ਪੁਲੀਸ ਨੇ ਫੌਜੀ ਭਰਤੀ ਅਫਸਰ, ਅੰਮ੍ਰਿਤਸਰ ਦਾ ਢੌਂਗ ਰਚ ਕੇ ਬੇਰੁਜ਼ਗਾਰ ਨੌਜਵਾਨਾਂ ਨੂੰ ਹਥਿਆਰਬੰਦ ਬਲਾਂ ਵਿੱਚ ਭਰਤੀ ਕਰਵਾਉਣ ਦੇ ਬਹਾਨੇ ਲੱਖਾਂ ਰੁਪਏ ਠੱਗਣ ਦੇ ਦੋਸ਼ ਵਿੱਚ ਇੱਕ ਸਾਬਕਾ ਫੌਜੀ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਮੋਹਨ ਲਾਲ ਪੁੱਤਰ ਸਤਪਾਲ ਵਾਸੀ ਲਕਸ਼ਮੀ ਗਾਰਡਨ ਕਲੌਨੀ ਪਠਾਨਕੋਟ ਵਜੋਂ ਹੋਈ ਹੈ। ਇਸ ਸਬੰਧੀ ਜ਼ਿਲ੍ਹਾ ਪੁਲੀਸ ਮੁਖੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਪੁਲੀਸ ਨੂੰ ਇਤਲਾਹ ਮਿਲੀ ਸੀ ਕਿ ਮੋਹਨ ਲਾਲ ਨਾਮਕ ਵਿਅਕਤੀ ਪੁੱਤਰ ਸਤਪਾਲ ਵਾਸੀ ਲਕਸ਼ਮੀ ਗਾਰਡਨ ਪਠਾਨਕੋਟ, ਜੋ ਕਿ ਆਰਮੀ ਵਿੱਚ ਨੌਕਰੀ ਕਰ ਚੁੱਕਾ ਹੈ, ਲੋਕਾਂ ਨੂੰ ਆਰਮੀ ਵਿੱਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਪੈਸੇ ਠੱਗ ਚੁੱਕਾ ਹੈ ਤੇ ਆਪਣਾ ਹੁਲੀਆ ਬਦਲ ਕੇ ਲੁਕਿਆ ਹੋਇਆ ਹੈ। ਇਸ ਇਤਲਾਹ ’ਤੇ ਕਾਰਵਾਈ ਕਰਦਿਆਂ ਛਾਪੇਮਾਰੀ ਕਰਕੇ ਉਸ ਨੂੰ ਦਬੋਚ ਲਿਆ ਤੇ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ ਤਹਿਤ ਧੋਖਾਧੜੀ ਤੇ ਜਾਅਲਸਾਜ਼ੀ ਦਾ ਮਾਮਲਾ ਦਰਜ ਕਰ ਦਿੱਤਾ। ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਆਪਣਾ ਜੁਰਮ ਕਬੂਲ ਕੀਤਾ ਕਿ ਉਸ ਨੇ ਕਈ ਬੇਰੁਜ਼ਗਾਰ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਕੋਲੋਂ ਮੋਟੀਆਂ ਰਕਮਾਂ ਵਸੂਲੀਆਂ ਹਨ। ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮ ਇੱਕ ਆਦਤਨ ਅਪਰਾਧੀ ਹੈ ਤੇ ਜ਼ਿਲ੍ਹਾ ਗੁਰਦਾਸਪੁਰ ਤੇ ਪਠਾਨਕੋਟ ਦੇ ਵੱਖ-ਵੱਖ ਥਾਣਿਆਂ ’ਚ ਦਰਜ 4 ਐੱਫਆਈਆਰਜ਼ ਵਿੱਚ ਲੋੜੀਂਦਾ ਹੈ। ਇਸ ਮੁਲਜ਼ਮ ਨੂੰ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਸੀ ਤੇ ਉਹ 2016 ਤੋਂ ਫਰਾਰ ਸੀ। ਗ੍ਰਿਫ਼ਤਾਰੀ ਤੋਂ ਬਚਣ ਦੀ ਕੋਸ਼ਿਸ਼ ’ਚ ਮੁਲਜ਼ਮ ਵੱਖ-ਵੱਖ ਕਿਰਾਏ ਦੇ ਮਕਾਨਾਂ ਵਿੱਚ ਰਹਿੰਦਾ ਸੀ ਤੇ ਆਪਣਾ ਭੇਸ ਬਦਲਦਾ ਰਹਿੰਦਾ ਸੀ।