ਪੱਤਰ ਪ੍ਰੇਰਕ
ਤਰਨ ਤਾਰਨ, 19 ਜੂਨ
ਸ਼ਹਿਰ ਅੰਦਰ ਦੁਕਾਨਾਂ ਵਿੱਚ ਲਗਾਤਾਰ ਹੋ ਰਹੀਆਂ ਚੋਰੀਆਂ ਖ਼ਿਲਾਫ਼ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰ ਕੇ ਰੋਸ ਦਾ ਪ੍ਰਗਟਾਵਾ ਕੀਤਾ ਅਤੇ ਪ੍ਰਸ਼ਾਸਨ ਖ਼ਿਲਾਫ਼ ਆਪਣਾ ਸੰਘਰਸ਼ ਤਿੱਖਾ ਕਰਨ ਲਈ ਆਪਣੀਆਂ ਦੁਕਾਨਾਂ ਪੱਕੇ ਤੌਰ ’ਤੇ ਬੰਦ ਕਰ ਦੇਣ ਦੀ ਚਿਤਾਵਨੀ ਦਿੱਤੀ| ਦੁਕਾਨਦਾਰਾਂ ਦੇ ਆਗੂ ਗੁਰਿੰਦਰ ਸਿੰਘ ਲਾਡੀ, ਸੁਖਜਿੰਦਰ ਸਿੰਘ, ਚਰਨਜੀਤ ਸਿੰਘ ਤੇ ਵਿਮਲ ਬਾਂਸਲ ਆਦਿ ਨੇ ਕਿਹਾ ਕਿ ਸ਼ਹਿਰ ਅੰਦਰ ਅਮਨ ਕਾਨੂੰਨ ਦੀ ਸਥਿਤੀ ਖਰਾਬ ਹੋ ਚੁੱਕੀ ਹੈ ਅਤੇ ਪੁਲੀਸ ਵੱਲੋਂ ਨਾਂ ਦੇ ਤੌਰ ’ਤੇ ਹੀ ਰਾਤ ਵੇਲੇ ਗਸ਼ਤ ਕੀਤੀ ਜਾਂਦੀ ਹੈ| ਬੁਲਾਰਿਆਂ ਨੇ ਕਿਹਾ ਕਿ ਪੁਲੀਸ ਵੱਲੋਂ ਅੱਜ ਤੱਕ ਕਿਸੇ ਇੱਕ ਵੀ ਚੋਰੀ ਦਾ ਸੁਰਾਗ ਨਹੀਂ ਲਗਾਇਆ ਜਾ ਸਕਿਆ|
ਇਸ ਦੌਰਾਨ ਦੁਕਾਨਦਾਰਾਂ ਨੂੰ ਸ਼ਾਂਤ ਕਰਨ ਲਈ ਡੀਐੱਸ ਪੀ ਤਰਸੇਮ ਮਸੀਹ ਨੇ ਉਨ੍ਹਾਂ ਨੂੰ 15 ਦਿਨ ਦੇ ਅੰਦਰ-ਅੰਦਰ ਚੋਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਯਕੀਨ ਦਿਵਾਇਆ| ਇਸ ਮੌਕੇ ਡੀਐੱਸਪੀ ਨੇ ਐੱਸਐੱਚਓ ਸਿਟੀ ਤਰਨ ਤਾਰਨ ਸੁਨੀਲ ਕੁਮਾਰ ਨੂੰ ਸ਼ਹਿਰ ਅੰਦਰ ਰਾਤ ਦੀ ਗਸ਼ਤ ਵਧਾਉਣ ਦੀਆਂ ਹਦਾਇਤਾਂ ਕੀਤੀਆਂ| ਇਸ ਮੌਕੇ ਦੁਕਾਨਦਾਰਾਂ ਨੇ ਮੰਗਾਂ ਸਬੰਧੀ ਇੱਕ ਯਾਦ ਪੱਤਰ ਅਧਿਕਾਰੀਆਂ ਨੂੰ ਦਿੱਤਾ|