ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 2 ਜੂਨ
ਸਥਾਨਕ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਦੇ ਚੇਅਰਮੈਨ ਸੁਖਬੀਰ ਸਿੰਘ ਸੰਧੂ ਵਲੋਂ ਐਕਸਪ੍ਰੈੱਸ-ਵੇਅ ਦੀ ਨਿਸ਼ਾਨਦੇਹੀ (ਅਲਾਈਨਮੈਂਟ) ਨੂੰ ਸੋਧ ਕੇ ਅੰਮ੍ਰਿਤਸਰ ਅਤੇ ਤਰਨ ਤਾਰਨ ਦੇ ਗੋਇੰਦਵਾਲ ਸਾਹਿਬ ਤੇ ਖਡੂਰ ਸਾਹਿਬ ਨੂੰ ‘ਦਿੱਲੀ ਅੰਮ੍ਰਿਤਸਰ-ਕਟੜਾ’ ਐਕਸਪ੍ਰੈੱਸ-ਵੇਅ ਨਾਲ ਜੋੜਨ ਬਾਰੇ ਕੋਈ ਸਰਕਾਰੀ ਅਤੇ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਨਾ ਕੀਤੇ ਜਾਣ ’ਤੇ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਇਹ ਨੋਟੀਫੀਕੇਸ਼ਨ ਜਾਰੀ ਕਰਨ ਤੋਂ ਪਹਿਲਾਂ ਹੀ ਕੇਂਦਰ ਵੱਲੋਂ ਗੁਰਦਾਸਪੁਰ, ਕਪੂਰਥਲਾ, ਜਲੰਧਰ, ਸੰਗਰੂਰ ਅਤੇ ਪਟਿਆਲਾ ਜ਼ਿਲ੍ਹਿੰਆਂ ਵਿੱਚ ਐਕਸਪ੍ਰੈੱਸ-ਵੇਅ ਲਈ ਜ਼ਮੀਨ ਹਾਸਲ ਕਰਨ ਲਈ ਭਾਰਤ ਸਰਕਾਰ ਦੇ ‘ਗਜ਼ਟ ਆਫ ਇੰਡੀਆ’ ਦੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੇ ਗਏ ਹਨ। ਜਿਸ ਕਰਕੇ ਅੰਮ੍ਰਿਤਸਰ ਵਾਸੀ ਪ੍ਰੇਸ਼ਾਨ ਹਨ। ਮੰਚ ਦੇ ਆਗੂਆਂ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਮਨਮੋਹਣ ਸਿੰਘ ਬਰਾੜ, ਇੰਜ. ਹਰਜਾਪ ਸਿੰਘ ਔਜਲਾ, ਕਵਲਜੀਤ ਸਿੰਘ ਭਾਟੀਆ ਅਤੇ ਯੋਗੇਸ਼ ਕਾਮਰਾ ਨੇ ਅੱਜ ਤੱਕ ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਦੇ ਚੇਅਰਮੈਨ ਵਲੋਂ ਐਕਸਪ੍ਰੈੱਸ-ਵੇਅ ਦੀ ਨਿਸ਼ਾਨਦੇਹੀ (ਅਲਾਈਨਮੈਂਟ) ਨੂੰ ਸੋਧ ਕੇ ਨਵਾਂ ਨੋਟੀਫੀਕੇਸ਼ਨ ਜਾਰੀ ਨਹੀਂ ਕੀਤਾ ਗਿਆ। ਉਨਾਂ ਮੰਗ ਕੀਤੀ ਕਿ ‘ਦਿੱਲੀ ਅੰਮ੍ਰਿਤਸਰ-ਕਟੜਾ’ ਐਕਸਪ੍ਰੈੱਸ-ਵੇਅ ਸਬੰਧੀ ਸੋਧਿਆ ਨੋਟੀਫੀਕੇਸ਼ਨ ਤੁਰੰਤ ਜਾਰੀ ਕੀਤਾ ਜਾਵੇ।