ਬੇਅੰਤ ਸਿੰਘ ਸੰਧੂ
ਪੱਟੀ, 9 ਅਗਸਤ
ਪਿੰਡ ਸੀਤੋ ਮੈਂ ਝੁਗੀਆਂ ਦੇ ਪੁੱਛਾਂ ਕੱਢਣ ਵਾਲੇ ਇੱਕ ਬਾਬੇ ਵੱਲੋਂ ਇੱਕ ਔਰਤ ਨਾਲ ਇਲਾਜ ਦੇ ਬਹਾਨੇ ਜਬਰਦਸਤੀ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਕਥਿਤ ਦੋਸ਼ੀ ਦੀ ਪਛਾਣ ਕੁਲਵੰਤ ਸਿੰਘ ਉਰਫ ਬਾਬਾ ਕੰਤਾ ਸੀਤੋ ਵਾਲਾ ਵਜੋਂ ਹੋਈ ਹੈ। ਪੀੜਤਾ ਵੱਲੋਂ ਵੀਡੀਓ ਜਨਤਕ ਕਰ ਕੇ ਇਨਸਾਫ਼ ਦੀ ਮੰਗ ਕੀਤੀ ਗਈ ਹੈ। ਡੀਐੱਸਪੀ ਪੱਟੀ ਕੰਵਲਪ੍ਰੀਤ ਸਿੰਘ ਮੰਡ ਨੇ ਦੱਸਿਆ ਕਿ ਪੁਲੀਸ ਵੱਲੋਂ ਮੁਲਜ਼ਮ ਕੁਲਵੰਤ ਸਿੰਘ ਉਰਫ਼ ਕੰਤਾ ਬਾਬਾ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ ਤੇ ਉਸਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਪੀੜਤਾ ਪੱਟੀ ਇਲਾਕੇ ਨਾਲ ਸਬੰਧਤ ਹੈ ਜਿਸ ਨੂੰ ਉਕਤ ਬਾਬੇ ਵੱਲੋਂ ਪੁੱਤਰ ਦੀ ਦਾਤ ਦੇਣ ਲਈ ਇਲਾਜ ਦੇ ਬਹਾਨੇ ਰਾਤ ਸਮੇਂ ਆਪਣੇ ਘਰ ਪਿੰਡ ਸੀਤੋ ਮੈਂ ਝੁਗੀਆਂ ਬੁਲਾਇਆ ਗਿਆ। ਪੀੜਤਾ ਨੇ ਦੋਸ਼ ਲਾਇਆ ਕਿ ਉਕਤ ਬਾਬੇ ਵੱਲੋਂ ਉਨ੍ਹਾਂ ਨੂੰ ਆਪਣੇ ਘਰ ਬਲਾਉਣ ਤੋਂ ਬਾਅਦ ਨੀਂਦ ਦੀਆਂ ਗੋਲੀਆਂ ਦਿੱਤੀਆਂ ਗਈਆਂ ਅਤੇ ਉਸ ਦੇ ਪਤੀ ਨੂੰ ਆਪਣੇ ਘਰ ਸਵਾਉਣ ਤੋਂ ਬਾਅਦ ਪੀੜਤਾ ਨੂੰ ਇਲਾਜ ਦੇ ਬਹਾਨੇ ਰਾਤ ਸਮੇਂ ਆਪਣੇ ਘਰੋਂ ਬਾਹਰ ਖੇਤਾਂ ਵਿੱਚ ਲੈ ਗਿਆ ਅਤੇ ਉਸ ਨਾਲ ਕਥਿਤ ਤੌਰ ’ਤੇ ਜਬਰਦਸਤੀ ਕੀਤੀ ਗਈ। ਪੀੜਤਾ ਨੇ ਦਾਅਵਾ ਕੀਤਾ ਕਿ ਉਕਤ ਬਾਬੇ ਦੇ ਨਾਲ ਦੋ ਹੋਰ ਵਿਅਕਤੀ ਵੀ ਸਨ। ਪੀੜਤਾ ਵੱਲੋਂ ਇਸ ਸਬੰਧੀ ਸਾਰੀ ਗੱਲ ਜਨਤਕ ਕਰਨ ਤੋਂ ਬਾਅਦ ਪਿੰਡ ਸੀਤੋ ਮੈਂ ਝੁਗੀਆਂ ਦੇ ਮੋਹਤਬਰਾਂ ਵੱਲੋਂ ਮੁਲਜ਼ਮ ਕੋਲੋਂ ਪੀੜਤਾ ਪਾਸੋਂ ਜਨਤਕ ਮੁਆਫ਼ੀ ਮੰਗਵਾਈ ਗਈ। ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਪੀੜਤਾ ਵੱਲੋਂ ਮੁਲਜ਼ਮ ਖ਼ਿਲਾਫ਼ ਪੁਲੀਸ ਨੂੰ ਕਾਨੂੰਨੀ ਕਾਰਵਾਈ ਕਰਵਾਉਣ ਲਈ ਦਰਖ਼ਾਸਤ ਦਿੱਤੀ ਗਈ ਹੈ।