ਪਾਲ ਸਿੰਘ ਨੌਲੀ
ਜਲੰਧਰ, 19 ਫਰਵਰੀ
ਪੋਲਿੰਗ ਪਾਰਟੀਆਂ ਨੇ ਅੱਜ ਦੇਸ਼ ਭਗਤ ਯਾਦਗਾਰ ਹਾਲ, ਹੰਸ ਰਾਜ ਸਟੇਡੀਅਮ ਅਤੇ ਲਾਡੋਵਾਲੀ ਰੋਡ ਤੋਂ ਈਵੀਐੱਮ ਅਤੇ ਹੋਰ ਚੋਣ ਸਮੱਗਰੀ ਹਾਸਲ ਕੀਤੀ। ਪੋਲਿੰਗ ਪਾਰਟੀਆਂ ਨੂੰ ਮਿੱਥੇ ਟਿਕਾਣਿਆਂ ’ਤੇ ਪਹੁੰਚਾਉਣ ਲਈ ਬੱਸਾਂ ਦਾ ਉਚੇਚਾ ਪ੍ਰਬੰਧ ਕੀਤਾ ਗਿਆ ਸੀ। ਜ਼ਿਲ੍ਹੇ ਵਿਚ ਨੀਮ ਫੌਜੀ ਬਲਾਂ ਦੀਆਂ 54 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਘਨਸ਼ਿਆਮ ਥੋਰੀ ਦੀ ਅਗਵਾਈ ਵਿਚ ਜ਼ਿਲ੍ਹੇ ਦੇ ਸਮੁੱਚੇ 1975 ਪੋਲਿੰਗ ਬੂਥਾਂ ’ਤੇ 2163 ਸੀਸੀਟੀਵੀ ਕੈਮਰੇ ਲਗਾਏ ਗਏ ਹਨ।
ਡਿਪਟੀ ਕਮਿਸ਼ਨਰ ਨੇ ਸੀਟੀ ਇੰਸਟੀਚਿਊਟ ਮਕਸੂਦਾਂ ਵਿੱਚ ਸਥਾਪਤ ਜ਼ਿਲ੍ਹਾ ਪੱਧਰੀ ਵੈੱਬਕਾਸਟਿੰਗ ਕੰਟਰੋਲ ਰੂਮ ਦਾ ਨਿਰੀਖਣ ਕੀਤਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇੱਥੇ ਕੁੱਲ 82 ਡੈਸਕ ਟੌਪ ਕੰਪਿਊਟਰ ਅਤੇ ਪੰਜ ਪ੍ਰਾਜੈਕਟਰ ਲਗਾਏ ਗਏ ਹਨ, ਜਿਨ੍ਹਾਂ ਰਾਹੀਂ ਪੋਲਿੰਗ ਸਟੇਸ਼ਨਾਂ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਕੀਤੀ ਜਾਵੇਗੀ।
ਗੁਰਦਾਸਪੁਰ (ਪੱਤਰ ਪ੍ਰੇਰਕ): ਗੁਰਦਾਸਪੁਰ ਜ਼ਿਲ੍ਹੇ ਦੇ 7 ਵਿਧਾਨ ਸਭਾ ਹਲਕਿਆਂ ਲਈ ਹਰ ਇਕ ਪੋਲਿੰਗ ਸਟੇਸ਼ਨ ’ਤੇ ਪ੍ਰੀਜ਼ਾਈਡਿੰਗ ਅਫ਼ਸਰ ਅਧੀਨ ਇਕ ਸਹਾਇਕ ਪ੍ਰੀਜ਼ਾਈਡਿੰਗ ਅਫ਼ਸਰ ਅਤੇ ਦੋ ਪੋਲਿੰਗ ਅਫ਼ਸਰ ਨਿਯੁਕਤ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ 9000 ਪੋਲਿੰਗ ਸਟਾਫ ਅਤੇ ਪੁਲੀਸ ਕਰਮਚਾਰੀ ਤੇ ਪੈਰਾ ਮਿਲਟਰੀ ਫੋਰਸ ਦੇ ਜਵਾਨ ਤਾਇਨਾਤ ਕੀਤੇ ਗਏ ਹਨ।
ਫਗਵਾੜਾ (ਪੱਤਰ ਪ੍ਰੇਰਕ): ਐਸ.ਡੀ.ਐਮ. ਕੁਲਪ੍ਰੀਤ ਸਿੰਘ ਨੇ ਦੱਸਿਆ ਕਿ ਫਗਵਾੜਾ ਬਲਾਕ ਦੇ 227 ਬੂਥਾਂ ਲਈ ਪਾਰਟੀਆਂ ਰਵਾਨਾ ਕੀਤੀਆਂ ਗਈਆਂ ਹਨ। ਇਸ ਸਬ ਡਵੀਜ਼ਨ ’ਚ ਕੁੱਲ 47 ਨਾਜ਼ੁਕ ਬੂਥ ਹਨ ਜਿਨ੍ਹਾਂ ’ਚੋਂ 10 ਅਤਿ ਨਾਜ਼ੁਕ ਹਨ।
ਤਰਨ ਤਾਰਨ (ਪੱਤਰ ਪ੍ਰੇਰਕ): ਜ਼ਿਲ੍ਹਾ ਚੋਣ ਅਧਿਕਾਰੀ ਕੁਲਵੰਤ ਸਿੰਘ ਵੱਲੋਂ ਅੱਜ ਜ਼ਿਲ੍ਹੇ ਦੇ ਵੱਖ-ਵੱਖ ਕੇਂਦਰਾਂ ਦਾ ਦੌਰਾ ਕਰਕੇ ਪੋਲਿੰਗ ਪਾਰਟੀਆਂ ਨੂੰ ਰਵਾਨਾ ਕਰਨ ਦੀ ਪ੍ਰਕਿਰਿਆ ਦਾ ਜਾਇਜ਼ਾ ਲਿਆ ਗਿਆ।
ਫਤਿਹਗੜ੍ਹ ਚੂੜੀਆਂ (ਪੱਤਰ ਪ੍ਰੇਰਕ): ਫਤਿਹਗੜ੍ਹ ਚੂੜੀਆਂ ਵਿਧਾਨ ਸਭਾ ਹਲਕੇ ਵਿੱਚ 256 ਪੋਲਿੰਗ ਬੂਥਾਂ ’ਤੇ ਵੋਟਾਂ ਪੈਣਗੀਆਂ। ਹਲਕੇ ਵਿੱਚ ਕੁਲ ਵੋਟਰ 1,75000 ਹਨ।
ਮੁਕੇਰੀਆਂ (ਪੱਤਰ ਪ੍ਰੇਰਕ): ਵਿਧਾਨ ਸਭਾ ਹਲਕਾ ਮੁਕੇਰੀਆ ਦੇ ਦੋ ਲੱਖ ਤੋਂ ਵੱਧ ਵੋਟਰ ਹਲਕੇ ਦੇ 8 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਭਲਕੇ ਕਰਨਗੇ। ਹਲਕੇ ਅੰਦਰ ਚੋਣਾਂ ਲਈ ਬਣਾਏ 251 ਪੋਲਿੰਗ ਬੂਥਾਂ ਵਿੱਚੋਂ 11 ਬੂਥ ਸੰਵੇਦਨਸ਼ੀਲ ਐਲਾਨੇ ਗਏ ਹਨ।