ਪੱਤਰ ਪ੍ਰੇਰਕ
ਪਠਾਨਕੋਟ, 30 ਜੁਲਾਈ
ਇੱਥੋਂ ਦੇ ਨੀਮ ਪਹਾੜੀ ਪਿੰਡ ਫੰਗਤੋਲੀ ਵਿੱਚ ਪਿਛਲੇ ਦਿਨੀਂ ਸ਼ੱਕੀ ਵਿਅਕਤੀਆਂ ਦੇ ਦੇਖੇ ਜਾਣ ਬਾਅਦ ਇੱਕ ਹਫਤੇ ਤੋਂ ਡਰ ਦੇ ਸਾਏ ਵਿੱਚ ਜੀਵਨ ਬਤੀਤ ਕਰ ਰਹੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣਨ ਲਈ ਡੀਆਈਜੀ ਬਾਰਡਰ ਰੇਂਜ਼ ਰਾਕੇਸ਼ ਕੌਸ਼ਲ ਪਿੰਡ ਫੰਗਤੋਲੀ ਵਿੱਚ ਪੁੱਜੇ। ਉਨ੍ਹਾਂ ਪਿੰਡ ਵਾਸੀਆਂ ਤੋਂ ਸ਼ੱਕੀਆਂ ਦੀ ਜਾਣਕਾਰੀ ਹਾਸਲ ਕੀਤੀ। ਇਸ ਮਗਰੋਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਘਬਰਾਉਣ ਦੀ ਲੋੜ ਨਹੀਂ, ਪੁਲੀਸ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਆਪਣੀ ਹਾਈਟੈਕ ਟੈਕਨਾਲੋਜੀ ਨਾਲ ਸ਼ੱਕੀਆਂ ਦਾ ਸੁਰਾਗ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਿੰਡ ਵਾਸੀਆਂ ਨੇ ਡੀਆਈਜੀ ਤੋਂ ਲੋਕ ਸਭਾ ਚੋਣਾਂ ਸਮੇਂ ਉਨ੍ਹਾਂ ਦੇ ਥਾਣੇ ਵਿੱਚ ਜਮ੍ਹਾਂ ਹੋਏ ਹਥਿਆਰਾਂ ਨੂੰ ਵਾਪਸ ਪਿੰਡ ਵਾਸੀਆਂ ਨੂੰ ਦੇਣ ਦੀ ਮੰਗ ਕੀਤੀ।