ਪੱਤਰ ਪ੍ਰੇਰਕ
ਤਰਨ ਤਾਰਨ, 25 ਅਕਤੂਬਰ
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ, ਪੰਜਾਬ ਦੀ ਬਾਬਾ ਦੀਪ ਸਿੰਘ ਜੀ ਜ਼ੋਨ ਇਕਾਈ ਦੀ ਇਲਾਕੇ ਦੇ ਪਿੰਡ ਗੋਹਲਵੜ੍ਹ ਵਿੱਚ ਇਕ ਮੀਟਿੰਗ ਕਰਕੇ ਕਿਸਾਨਾਂ ਨੂੰ ਡੀਏਪੀ ਖਾਦ ਦੀ ਥੁੜ ਦੇ ਨਾਂ ’ਤੇ ਕਿਸਾਨਾਂ ਦੀ ਸ਼ਰ੍ਹੇਆਮ ਕੀਤੀ ਜਾ ਰਹੀ ਲੁੱਟ ਖ਼ਿਲਾਫ਼ ਅਤੇ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਕਿਸਾਨ ਦੀ ਬਾਂਹ ਨਾ ਫੜਨ ਦੀ ਨਿਖੇਧੀ ਕੀਤੀ ਗਈ| ਜਥੇਬੰਦੀ ਦੇ ਜ਼ਿਲ੍ਹਾ ਆਗੂ ਹਰਪਾਲ ਸਿੰਘ ਸਿਧਵਾਂ ਦੀ ਅਗਵਾਈ ਵਿੱਚ ਕੀਤੀ ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਜ਼ੋਨ ਪ੍ਰਧਾਨ ਜਿੰਦਰ ਸਿੰਘ ਗੋਹਲਵੜ, ਹਰਦੀਪ ਸਿੰਘ ਜੌਹਲ, ਅੰਗਰੇਜ਼ ਦੋਬੁਰਜੀ, ਬਲਜੀਤ ਸਿੰਘ ਰਟੌਲ ਨੇ ਸੰਬੋਧਨ ਕੀਤਾ| ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਕਿਸਾਨਾਂ ਨੂੰ ਡੀਏਪੀ ਖਾਦ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸਦਾ ਖਾਦ ਡੀਲਰਾਂ ਵੱਲੋਂ ਕਿਸਾਨ ਨੂੰ 400 ਰੁਪਏ ਦੀ ਕੀਮਤ ਦੀਆਂ ਫਾਲਤੂ ਤੇ ਬੇਲੋੜੀਆਂ ਵਸਤਾਂ ਧੱਕੇ ਨਾਲ ਖਰੀਦਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਗੁਰਦੁਆਰਾ ਬਾਬਾ ਅੱਛਰਾ ਸਿੰਘ ਜੀ ਦੇ ਅਸਥਾਨ ਵਿੱਚ ਹੋਈ ਇਸ ਮੀਟਿੰਗ ਵਿੱਚ ਜ਼ੋਰ ਦੇ ਕੇ ਕਿਹਾ ਗਿਆ ਕਿ ਜਥੇਬੰਦੀ ਵੱਲੋਂ 26 ਨਵੰਬਰ ਤੋਂ ਸ਼ੁਰੂ ਕੀਤੇ ਜਾਣ ਵਾਲੇ ਮੋਰਚੇ ਵਿੱਚ ਕਿਸਾਨਾਂ-ਮਜ਼ਦੂਰਾਂ ਦੀਆਂ ਵੱਡੇ ਪੱਧਰ ’ਤੇ ਮੰਗਾਂ ਰੱਖੀਆਂ ਜਾਣਗੀਆਂ| ਇਨ੍ਹਾਂ ਆਗੂਆਂ ਨੇ ਐੱਮਐੱਸਪੀ ਤੀ ਗਰੰਟੀ ਦੇਣ, ਲਖੀਮਪੁਰ ਖੀਰੀ ਕਿਸਾਨਾਂ ’ਤੇ ਹੋਏ ਹਮਲੇ ਦੇ ਪੀੜਤਾਂ ਨੂੰ ਨਿਆਂ ਦੇਣ, 2022-ਬਿਜਲੀ ਸੋਧ ਰੱਦ ਕੀਤੇ ਜਾਣ, ਤਾਰੋਂ-ਪਾਰ ਬਾਰਡਰ ਦੀਆਂ ਜ਼ਮੀਨਾਂ ਦੇ ਮਾਲਕ ਕਿਸਾਨਾਂ ਨੂੰ 10,000 ਰੁਪਏ ਦਾ ਰੋਕਿਆ ਮੁਆਵਜ਼ਾ ਤੁਰੰਤ ਦੇਣ ਆਦਿ ਮੰਗਾਂ ਮੰਨੇ ਜਾਣ ਦੀ ਆਵਾਜ਼ ਉਠਾਈ ਗਈ|