ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 17 ਜੂਨ
ਬੀਤੀ ਰਾਤ ਤੋਂ ਜੰਡਿਆਲਾ ਗੁਰੂ ਅਤੇ ਇਸ ਦੇ ਆਸ ਪਾਸ ਦੇ ਇਲਾਕੇ ਵਿੱਚ ਦਰਮਿਆਨੀ ਬਾਰਸ਼ ਹੋਈ ਹੈ, ਜਿਸ ਨਾਲ ਅਤਿ ਦੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਹਿਸੂਸ ਹੋਈ ਅਤੇ ਕਿਸਾਨਾਂ ਦੇ ਚਿਹਰੇ ਵੀ ਖਿੜ ਗਏ ਹਨ। ਬਾਰਸ਼ ਹੋਣ ਤੋਂ ਪਿੱਛੋਂ ਕਿਸਾਨਾਂ ਦੀਆਂ ਪੈਲੀਆਂ ਵੱਤਰ ਆ ਗਈਆਂ ਹਨ ਅਤੇ ਇਸ ਬਾਰਸ਼ ਦਾ ਫ਼ਾਇਦਾ ਉਠਾਉਂਦਿਆਂ ਹੋਇਆਂ ਕਿਸਾਨਾਂ ਨੇ ਤੇਜ਼ੀ ਨਾਲ ਝੋਨਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਜਿੱਥੇ ਇਸ ਬਾਰਸ਼ ਦਾ ਫ਼ਾਇਦਾ ਝੋਨਾ ਲਗਾਉਣ ਵਾਲੇ ਕਿਸਾਨਾਂ ਨੂੰ ਪਹੁੰਚਿਆ ਹੈ ਉੱਥੇ ਹੀ ਮੂੰਗੀ ਅਤੇ ਮੱਕੀ ਬੀਜਣ ਵਾਲੇ ਕਿਸਾਨਾਂ ਨੂੰ ਇਸ ਨਾਲ ਕੁਝ ਮੁਸ਼ਕਲ ਆ ਸਕਦੀ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਖੇਤੀਬਾੜੀ ਵਿਭਾਗ ਬਲਾਕ ਜੰਡਿਆਲਾ ਗੁਰੂ ਦੇ ਐਗਰੀਕਲਚਰ ਡਿਵੈਲਪਮੈਂਟ ਅਫਸਰ ਲਵਪ੍ਰੀਤ ਸਿੰਘ ਨੇ ਦੱਸਿਆ ਇਸ ਮੌਸਮ ਦੀ ਹੋਈ ਇਹ ਪਹਿਲੀ ਬਰਸਾਤ ਕਿਸਾਨਾਂ ਵਾਸਤੇ ਬਹੁਤ ਲਾਹੇਵੰਦ ਹੈ ਅਤੇ ਇਸਦਾ ਝੋਨਾ ਲਗਾਉਣ ਵਾਲੇ ਕਿਸਾਨਾਂ ਦਾ ਭਰਪੂਰ ਫ਼ਾਇਦਾ ਮਿਲੇਗਾ। ਉਨ੍ਹਾਂ ਦੱਸਿਆ ਕਿ ਚਾਹੇ ਕਿਸਾਨ ਕੱਦੂ ਕਰਕੇ ਝੋਨਾ ਲਗਾ ਰਿਹਾ ਹੈ ਜਾਂ ਜਿਹੜੇ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ, ਇਹ ਬਾਰਿਸ਼ ਦੋਵਾਂ ਵਾਸਤੇ ਬਹੁਤ ਹੀ ਲਾਹੇਵੰਦ ਹੈ। ਕਿਉਂਕਿ ਇਸ ਨਾਲ ਮੌਸਮ ਵਿੱਚ ਵੀ ਨਮੀ ਆ ਗਈ ਹੈ ਜੋ ਝੋਨੇ ਦੀ ਫ਼ਸਲ ਨੂੰ ਫ਼ਾਇਦਾ ਦੇਵੇਗੀ। ਉਨ੍ਹਾਂ ਕਿਹਾ ਕਿ ਇਸ ਬਾਰਸ਼ ਨਾਲ ਝੋਨਾ ਲਗਾਉਣ ਲਈ ਧਰਤੀ ਹੇਠਲੇ ਪਾਣੀ ਦੀ ਵਰਤੋਂ ਵੀ ਘਟੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਤਾਂ ਝੋਨੇ ਦੀ ਸਿੱਧੀ ਬਿਜਾਈ ਲਈ ਸਿਫ਼ਾਰਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਖੇਤੀਬਾੜੀ ਵਿਭਾਗ ਵੀ ਇਸ ਵਾਸਤੇ ਕਿਸਾਨਾਂ ਨੂੰ ਜਾਗਰੂਕ ਕਰ ਰਿਹਾ ਹੈ। ਉਨ੍ਹਾਂ ਦੱਸਿਆ ਬਲਾਕ ਜੰਡਿਆਲਾ ਗੁਰੂ ਵਿੱਚ ਝੋਨੇ ਹੇਠਲਾ ਕੁੱਲ ਰਕਬਾ 10000 ਹੈਕਟੇਅਰ ਹੈ ਜਿਸ ਵਿੱਚ ਲਪਪਗ 250 ਤੋਂ 300 ਹੈਕਟੇਅਰ ਤੱਕ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ ਪਰ ਇਹ ਬਾਰਸ਼ ਦੋਹਾਂ ਤਰ੍ਹਾਂ ਦੇ ਝੋਨੇ ਲਈ ਲਾਹੇਵੰਦ ਹੈ।
ਸ਼ਾਹਕੋਟ (ਪੱਤਰ ਪ੍ਰੇਰਕ) ਬੀਤੀ ਰਾਤ ਸ਼ੁਰੂ ਹੋਏ ਤੇ ਅੱਜ ਸਾਰਾ ਦਿਨ ਪੈਂਦੇ ਰਹੇ ਮੀਂਹ ਨੇ ਇਲਾਕਾ ਵਾਸੀਆਂ ਨੂੰ ਗਰਮੀ ਤੋਂ ਰਾਹਤ ਪਹੁੰਚਾਈ ਹੈ। ਪਿਛਲੇ ਦਿਨਾਂ ਦੇ ਮੁਕਾਬਲੇ ਅੱਜ ਦਾ ਦਿਨ ਕਾਫੀ ਠੰਢਾ ਰਿਹਾ। ਮੌਸਮ ’ਚ ਆਈ ਗਿਰਾਵਟ ਕਾਰਨ ਅੱਜ ਇਲਾਕਾ ਵਾਸੀਆਂ ਨੂੰ ਏਸੀ ਚਲਾਉਣ ਦੀ ਵੀ ਲੋੜ ਮਹਿਸੂਸ ਨਹੀਂ ਹੋਈ। ਅੱਤਿ ਦੀ ਗਰਮੀ ਕਾਰਨ ਬਿਜਲੀ ਦੀ ਮੰਗ ਬਹੁਤ ਵਧ ਗਈ ਸੀ। ਇਸ ਮੀਂਹ ਨਾਲ ਬਿਜਲੀ ਦੀ ਮੰਗ ਘਟਣ ਨਾਲ ਪਾਵਰਕੌਮ ਨੂੰ ਕਾਫੀ ਰਾਹਤ ਮਿਲੀ ਹੈ। ਮੀਂਹ ਨਾਲ ਝੋਨਾ ਲਗਾਉਣ ਲਈ ਕੀਤੇ ਜਾਣ ਵਾਲੇ ਕੱਦ ’ਚ ਮਦਦਗਾਰ ਹੋਵੇਗਾ। ਮੀਂਹ ਨਾਲ ਵੱਤਰ ਹੋਈ ਜ਼ਮੀਨ ਨੂੰ ਦੇਖਦਿਆਂ ਕਿਸਾਨਾਂ ਨੇ ਝੋਨਾ ਲਾਉਣ ’ਚ ਤੇਜ਼ੀ ਲੈ ਆਂਦੀ ਹੈ। ਖੇਤੀਬਾੜੀ ਅਫਸ਼ਰ ਸ਼ਾਹਕੋਟ ਜਸਵੀਰ ਸਿੰਘ ਨੇ ਕਿਹਾ ਕਿ ਇਹ ਮੀਂਹ ਸਿੱਧੀ ਬਿਜਾਈ ਨਾਲ ਤੇ ਕੱਦ ਕਰਕੇ ਝੋਨਾ ਲਾਉਣ ਵਾਲੇ ਕਿਸਾਨਾਂ ਲਈ ਲਾਹੇਵੰਦ ਹੈ। ਮੀਂਹ ਨਾਲ ਮੌਸਮ ਵਿੱਚ ਆਈ ਨਮੀ ਝੋਨੇ ਨੂੰ ਬਹੁਤ ਫਾਇਦਾ ਪਹੁੰਚਾਏਗੀ।