ਪੱਤਰ ਪ੍ਰੇਰਕ
ਅਜਨਾਲਾ, 27 ਸਤੰਬਰ
ਵੱਖ-ਵੱਖ ਦਾਣਾ ਮੰਡੀਆਂ ਵਿੱਚ ਆ ਰਹੀ ਬਾਸਮਤੀ ਦਾ ਭਾਅ ਪਿਛਲੇ ਦਿਨਾਂ ਦੇ ਮੁਕਾਬਲੇ 300 ਤੋਂ 700 ਰੁਪਏ ਪ੍ਰਤੀ ਕੁਇੰਟਲ ਡਿੱਗਣ ਕਾਰਨ ਕਿਸਾਨ ਭਾਰੀ ਚਿੰਤਾ ਵਿਚ ਹਨ। ਕਿਸਾਨਾਂ ਨੂੰ 20 ਤੋਂ 25 ਹਜ਼ਾਰ ਰੁਪਏ ਪ੍ਰਤੀ ਏਕੜ ਘਾਟਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਬਾਸਮਤੀ 1509,1692 ਦੇ ਦਾਣਿਆਂ ਦੀ ਨਿੱਜੀ ਸ਼ੈਲਰ ਮਾਲਕਾਂ ਵੱਲੋਂ ਪਿਛਲੇ ਦਿਨਾਂ ਵਿੱਚ 2900 ਤੋਂ 3200 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਮੰਡੀਆਂ ਵਿੱਚ ਖਰੀਦ ਕੀਤੀ ਗਈ ਸੀ ਪਰ ਇਸ ਦੇ ਮੁਕਾਬਲੇ ਹੁਣ ਭਾਅ 300 ਤੋਂ 700 ਰੁਪਏ ਪ੍ਰਤੀ ਕੁਇੰਟਲ ਘਟਣ ਕਾਰਨ ਕਿਸਾਨਾਂ ਦੇ ਖੇਤੀ ਲਾਗਤ ਤੇ ਖਰਚੇ ਵੀ ਪੂਰੇ ਨਹੀਂ ਹੋ ਰਹੇ। ਜੇ ਦੇਖਿਆ ਜਾਵੇ ਤਾਂ ਜੋ ਭਾਅ 3170 ਰੁਪਏ ਪ੍ਰਤੀ ਕੁਇੰਟਲ ਸਿਖਰ ’ਤੇ ਸੀ, ਉਹ ਅੱਜ 2300 ਤੋਂ 2450 ਰੁਪਏ ਪ੍ਰਤੀ ਕੁਇੰਟਲ ਰਹਿ ਗਿਆ। ਦੱਸਣਯੋਗ ਹੈ ਕਿ ਪਰਮਲ ਕਿਸਮ ਦੇ ਝੋਨੇ ਦੀ ਐੱਮਐੱਸਪੀ 2300 ਰੁਪਏ ਦੇ ਕਰੀਬ ਹੈ ਜਦ ਕਿ ਉੱਚੇ ਭਾਅ ਵਾਲੀ ਬਾਸਮਤੀ ਦੇ ਦਾਣਿਆਂ ਦਾ ਭਾਅ ਅੱਜ 2300 ਰੁਪਏ ਹੋਣਾ ਆਪਣੇ ਆਪ ਵਿੱਚ ਹੀ ਇੱਕ ਹੈਰਾਨੀ ਵਾਲੀ ਗੱਲ ਹੈ।
ਮੰਡੀ ਵਿੱਚ ਬਾਸਮਤੀ ਦੀ ਕਿਸਮ 1692 ਦੇ ਦਾਣੇ ਵੇਚਣ ਆਏ ਕਿਸਾਨ ਹਰਪਾਲ ਸਿੰਘ, ਗੁਰਿੰਦਰ ਬੀਰ ਸਿੰਘ ਨੇ ਦੱਸਿਆ ਕਿ ਬਾਸਮਤੀ ਦੀ ਫਸਲ ’ਤੇ ਐੱਮਐੱਸਪੀ ਨਾ ਹੋਣ ਕਾਰਨ ਨਿੱਜੀ ਸ਼ੈਲਰਾਂ ਦੇ ਵਿਚੋਲਿਆਂ ਵੱਲੋਂ ਮੰਡੀਆਂ ਵਿੱਚ ਮਨ ਮਰਜ਼ੀ ਦੇ ਭਾਅ ਦੇਣ ਕਾਰਨ ਕਿਸਾਨ ਨਿਰਾਸ਼ ਹੋ ਕੇ ਬਾਸਮਤੀ ਦੀ ਬਜਾਏ ਸਰਕਾਰੀ ਖਰੀਦ ਵਾਲੀ ਕਿਸਮ ਪਰਮਲ ਦੀ ਹੀ ਕਾਸ਼ਤ ਕਰਨ ਨੂੰ ਤਰਜੀਹ ਦੇਣਗੇ।