ਮਨਪ੍ਰੀਤ ਸਿੰਘ
ਮਾਨਸਰ, 19 ਸਤੰਬਰ
ਕੇਂਦਰ ਵੱਲੋਂ ਲਿਆਂਦੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਹੋਰ ਮੰਗਾਂ ਮੰਨਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਟੌਲ ਪਲਾਜ਼ਾ ਮਾਨਸਰ ’ਤੇ ਲਗਾਇਆ ਧਰਨਾ 344ਵੇਂ ਦਿਨ ਵੀ ਜਾਰੀ ਰਿਹਾ। ਅੱਜ ਕਿਸਾਨਾਂ ਨੇ ਮੋਦੀ ਸਰਕਾਰ ਦੇ ਅੜੀਅਲ ਰਵੱਈਏ ਅਤੇ ਭਾਜਪਾ ਆਗੂਆਂ ਵੱਲੋਂ ਦਿੱਤੇ ਜਾ ਰਹੇ ਕਿਸਾਨ ਵਿਰੋਧੀ ਬਿਆਨਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਸੰਬੋਧਨ ਕਰਦੇ ਹੋਏ ਬਲਕਾਰ ਸਿੰਘ ਮੱਲ੍ਹੀ, ਅਵਤਾਰ ਸਿੰਘ ਬੋਬੀ, ਮਾਸਟਰ ਸਵਰਨ ਸਿੰਘ, ਕਾਮਰੇਡ ਸ਼ੇਰ ਸਿੰਘ ਤੇ ਡਾ. ਰਾਜੂ ਨੇ ਕਿਹਾ ਕਿ ਜਿਥੇ ਭਾਜਪਾ ਦੀ ਮੋਦੀ ਸਰਕਾਰ ਖੇਤੀ ਕਾਨੂੰਨਾਂ ਸਮੇਂਤ ਹੋਰ ਬਹੁਤ ਸਾਰੇ ਨਵੇਂ ਕਾਨੂੰਨ ਬਣਾ ਕੇ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਲਈ ਕੰਮ ਕਰ ਰਹੀ ਹੈ ਉਥੇ ਦੂਸਰੇ ਪਾਸੇ ਵਿਰੋਧੀ ਪਾਰਟੀਆਂ ਸਿਰਫ਼ ਵਿਖਾਵੇ ਦਾ ਵਿਰੋਧ ਕਰ ਰਹੀਆਂ ਹਨ। ਉਨ੍ਹਾਂ ਕਿਸਾਨਾਂ, ਮਜ਼ਦੂਰਾਂ, ਦੁਕਾਰਦਾਰਾਂ, ਮੁਲਾਜ਼ਮਾਂ ਤੇ ਹੋਰ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 27 ਸਤੰਬਰ ਦੇ ਭਾਰਤ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਕਿਉਂਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਤਿੰਨੇ ਖੇਤੀ ਕਾਨੂੰਨ ਸਿਰਫ ਕਿਸਾਨਾਂ ਲਈ ਨਹੀਂ ਸਗੋਂ ਸਾਰੇ ਵਰਗ ਦੇ ਲੋਕਾਂ ਲਈ ਨੁਕਸਾਨਦਾਇਕ ਹਨ।
ਪਠਾਨਕੋਟ (ਐਨ.ਪੀ.ਧਵਨ): ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ’ਤੇ ਪੈਂਦੇ ਟੌਲ ਪਲਾਜ਼ਾ ਲਦਪਾਲਵਾਂ ਉਪਰ ਜ਼ਿਲ੍ਹਾ ਪਠਾਨਕੋਟ ਦੀਆਂ ਕਿਸਾਨ ਜਥੇਬੰਦੀਆਂ ਦੀ ਇੱਕ ਮੀਟਿੰਗ ਗੁਰਦਿਆਲ ਸਿੰਘ ਸੈਣੀ ਦੀ ਅਗਵਾਈ ਵਿੱਚ ਹੋਈ। ਇਸ ਵਿੱਚ 21 ਤਰੀਕ ਨੂੰ ਇਥੇ ਟੌਲ ਪਲਾਜ਼ਾ ’ਤੇ ਸਵੇਰੇ 10 ਵਜੇ ਕਿਸਾਨ ਰੈਲੀ ਕਰਨ ਦਾ ਐਲਾਨ ਕੀਤਾ ਗਿਆ। ਇਸ ਮੀਟਿੰਗ ਵਿੱਚ ਬਲਦੇਵ ਸਿੰਘ ਨਿਹੰਗ, ਕੇਵਲ ਸਿੰਘ ਕੰਗ, ਇੰਦਰਜੋਤ ਸਿੰਘ, ਜਸਵੰਤ ਸਿੰਘ, ਮੰਗਤ ਸਿੰਘ, ਇੰਦਰਜੀਤ ਸਿੰਘ, ਤਰਨਦੀਪ ਸਿੰਘ ਆਦਿ ਕਿਸਾਨ ਆਗੂ ਸ਼ਾਮਲ ਹੋਏ। ਕਿਸਾਨ ਆਗੂਆਂ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਰੈਲੀ ਵਿੱਚ ਲੋਕਾਂ ਨੂੰ ਤਿੰਨੇ ਕਾਲੇ ਕਾਨੂੰਨਾਂ ਬਾਰੇ ਜਾਗਰੂਕ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਦੇਸ਼ ਦੀ ਜਾਇਦਾਦ ਕਾਰਪੋਰੇਟਰਾਂ ਦੇ ਹੱਥਾਂ ਵਿੱਚ ਵੇਚਣ ਬਾਰੇ ਅਤੇ ਮਹਿੰਗਾਈ ਬਾਰੇ ਕੇਂਦਰ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਜਾਵੇਗਾ।
ਆਦਮਪੁਰ ਦੋਆਬਾ(ਜਲੰਧਰ) (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਦੋਆਬਾ ਦੀ ਵਿਸ਼ੇਸ਼ ਮੀਟੰਗ ਪ੍ਰਧਾਨ ਮਨਜੀਤ ਸਿੰਘ ਰਾਏ ਦੀ ਅਗਵਾਈ ਹੇਠ ਹੋਈ। ਇਸ ਮੌਕੇ ਅਮਰਜੀਤ ਸਿੰਘ ਬੈਂਸ ਅਤੇ ਹਰਨੀਤ ਸਿੰਘ ਨੀਤਾ ਪੰਡੋਰੀ ਨਿੱਝਰਾਂ ਨੇ ਦੱਸਿਆ ਕਿ ਮੀਟਿੰਗ 27 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਭਾਰਤ ਬੰਦ ਦੀ ਕਾਲ ਦੇ ਸਬੰਧ ਵਿਚ ਹੋਈ ਹੈ। ਇਸ ਵਿਚ ਸਾਰਿਆਂ ਨੇ ਬੰਦ ਦਾ ਸਮਰਥਨ ਕਰਨ ਦੀ ਗੱਲ ਕਹੀ। ਇਸ ਮੌਕੇ ਉਨ੍ਹਾਂ ਆਦਮਪੁਰ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 27 ਸਤੰਬਰ ਦੇ ਬੰਦ ਵਿਚ ਉਨ੍ਹਾਂ ਦਾ ਸਾਥ ਦੇਣ ਤਾਂ ਜੋ ਕੇਂਦਰ ਸਰਕਾਰ ਦੀ ਪਿੱਠ ਲਗਾਈ ਜਾ ਸਕੇ। ਇਸ ਮੌਕੇ ਰਿੰਪਾ ਮਿਨਹਾਸ ਨੇ ਕਿਹਾ ਕਿ ਇਲਾਕੇ ਦੇ ਕਿਸਾਨ ਉਨ੍ਹਾਂ ਦੇ ਨਾਲ ਹਨ ਤੇ ਸੰਘਰਸ਼ ਵਿਚ ਹਰ ਤਰ੍ਹਾਂ ਦੀ ਮਦਦ ਕਰ ਰਹੇ ਹਨ। ਇਸ ਮੌਕੇ ਯੂਨੀਅਨ ਦੋਆਬਾ ਦੀ ਸਮੁੱਚੀ ਲੀਡਰਸ਼ਿਪ ਤੇ ਮੈਂਬਰ ਮੀਟਿੰਗ ਵਿਚ ਹਾਜ਼ਰ ਸਨ।
ਭਾਰਤ ਬੰਦ ਦੀ ਸਫ਼ਲਤਾ ਲਈ ਸਾਂਝੀ ਕਨਵੈਨਸ਼ਨ
ਗੁਰਦਾਸਪੁਰ (ਜਤਿੰਦਰ ਬੈਂਸ): ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਗੁਰਦਾਸਪੁਰ ਅਤੇ ਜ਼ਿਲ੍ਹੇ ਦੀਆਂ ਸਮੂਹ ਟਰੇਡ ਯੂਨੀਅਨਾਂ, ਮੁਲਾਜ਼ਮਾਂ ਤੇ ਹੋਰ ਜਨਤਕ ਜਥੇਬੰਦੀਆਂ ਦੀ 27 ਸਤੰਬਰ ਨੂੰ ਭਾਰਤ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਸਾਂਝੀ ਕਨਵੈਨਸ਼ਨ ਕਿਸਾਨਾਂ ਦੇ ਚੱਲ ਰਹੇ ਪੱਕੇ ਮੋਰਚੇ ਵਾਲੀ ਜਗ੍ਹਾ ਰੇਲਵੇ ਸਟੇਸ਼ਨ ’ਤੇ ਹੋਈ। ਕਨਵੈਨਸ਼ਨ ਦੀ ਪ੍ਰਧਾਨਗੀ ਰੂਪ ਸਿੰਘ ਪੱਡਾ, ਠਾਕੁਰ ਧਿਆਨ ਸਿੰਘ, ਗੁਲਜ਼ਾਰ ਸਿੰਘ ਭੁੰਬਲੀ, ਸੁਖਦੇਵ ਸਿੰਘ, ਪ੍ਰੇਮ ਮਸੀਹ ਸੋਨਾ, ਲੇਖਰਾਜ ਅਤੇ ਰਮੇਸ਼ ਸ਼ਰਮਾ ਨੇ ਸਾਂਝੇ ਤੌਰ ਉੱਤੇ ਕੀਤੀ। ਆਗੂਆਂ ਨੇ ਸੰਬੋਧਨ ਵਿੱਚ ‘ਭਾਰਤ ਬੰਦ’ ਦੇ ਪ੍ਰੋਗਰਾਮ ਦੀ ਪੂਰਨ ਹਮਾਇਤ ਕਰਦੇ ਹੋਏ ਕਿਹਾ ਕਿ ਉਹ ਇਸ ਪ੍ਰੋਗਰਾਮ ਵਿਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਯਕੀਨੀ ਬਣਾਉਣਗੇ। ਉਨ੍ਹਾਂ ਕਾਲੇ ਖੇਤੀ ਕਾਨੂੰਨਾਂ ਅਤੇ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਗਈਆਂ ਸੋਧਾਂ ਨੂੰ ਰੱਦ ਕਰਨ ਦੀ ਮੰਗ ਕੀਤੀ। ਇੱਕ ਮਤੇ ਰਾਹੀਂ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਣ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।