ਰਣਬੀਰ ਸਿੰਘ ਮਿੰਟੂ
ਚੇਤਨਪੁਰਾ, 17 ਅਪਰੈਲ
ਅੰਮ੍ਰਿਤਸਰ-ਫਤਹਿਗੜ੍ਹ ਚੂੜੀਆਂ ਰੋਡ ਵਾਇਆ ਚੇਤਨਪੁਰਾ ਸੜਕ ਤੋਂ ਬੋਹੜ ਦੇ ਦਰੱਖਤ ਸੜਕ ਦੀ ਮੁੜ ਉਸਾਰੀ ਕਰਵਾਉਣ ਦੀ ਆੜ ਹੇਠ ਕੱਟੇ ਜਾਣ ਦੇ ਵਿਰੋਧ ’ਚ ਅੱਜ ਕਿਰਤੀ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ, ਭਾਰਤੀ ਕਿਸਾਨ ਸਭਾ ਤੇ ਚੇਤਨਪੁਰਾ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਅੱਡਾ ਚੇਤਨਪੁਰਾ ਵਿੱਚ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਕਰੀਬ 3 ਸਾਲਾਂ ਤੋਂ ਇਸ ਸੜਕ ’ਤੇ ਦਰੱਖ਼ਤਾਂ ਦੀ ਕਟਾਈ ਕੀਤੀ ਜਾ ਰਹੀ ਹੈ। ਜੋ ਦਰੱਖ਼ਤ ਸੜਕ ਤੋਂ ਹੱਟਵੇਂ ਹਨ, ਉਹ ਵੀ ਕੱਟੇ ਜਾ ਰਹੇ ਹਨ ਤੇ ਸੜਕ ਦਾ ਕੰਮ ਢਿੱਲੀ ਰਫ਼ਤਾਰ ਵਿੱਚ ਹੋ ਰਿਹਾ ਹੈ। ਲੋਕਾਂ ਨੂੰ ਦਰੱਖਤਾਂ ਹੇਠ ਖੜ੍ਹੇ ਹੋ ਕੇ ਬੱਸਾਂ ਦੀ ਉਡੀਕ ਕਰਨੀ ਪੈਂਦੀ ਹੈ ਪਰ ਸੜਕ ਤੋਂ ਦੂਰ-ਦੂਰ ਤੱਕ ਕੋਈ ਦਰੱਖਤ ਨਹੀਂ ਰਹਿਣ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਠੇਕੇਦਾਰ ਵੱਲੋਂ ਦਰੱਖ਼ਤਾਂ ਨੂੰ ਕੱਟਣ ਲਈ ਲੇਬਰ ਭੇਜੀ ਗਈ ਜਿਸ ਦਾ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ ਅਤੇ ਬੋਹੜ ਦੇ ਕੁਝ ਦਰਖੱਤਾਂ ਨੂੰ ਕੱਟਣ ਤੋਂ ਰੋਕਿਆ ਗਿਆ ਕਿਉਂਕਿ ਇਹ ਦਰੱਖਤ ਸੜਕ ਤੋਂ ਕਾਫ਼ੀ ਹੱਟਵੇ ਸਨ।
ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਸੜਕ ਦੀ ਉਸਾਰੀ ਜਲਦੀ ਪੂਰੀ ਕੀਤੀ ਜਾਵੇ ਤੇ ਉਡੀਕਘਰ ਬਣਾਇਆ ਜਾਵੇ ਤਾਂ ਜੋ ਮੁਸਾਫਰਾਂ ਨੂੰ ਸਹੂਲਤਾਂ ਮਿਲ ਸਕਣ। ਇਸ ਮੌਕੇ ਕਾਮਰੇਡ ਟਹਿਲ ਸਿੰਘ ਚੇਤਨਪੁਰਾ, ਅਮਰ ਸਿੰਘ ਕੰਦੋਵਾਲੀ, ਸਰਪੰਚ ਦਲਜੀਤ ਸਿੰਘ ਚੇਤਨਪੁਰਾ, ਜ਼ੋਨਲ ਪ੍ਰਧਾਨ ਅਨਮੋਲਕ ਸਿੰਘ ਕੰਦੋਵਾਲੀ, ਹਰਦਿਆਲ ਸਿੰਘ ਕੰਦੋਵਾਲੀ, ਗੁਰਦੇਵ ਸਿੰਘ ਨੰਗਲੀ ਹਾਜ਼ਰ ਸਨ।