ਜਤਿੰਦਰ ਬੈਂਸ
ਗੁਰਦਾਸਪੁਰ, 5 ਅਕਤੂਬਰ
ਕਿਸਾਨ ਵਿਰੋਧੀ ਖੇਤੀ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਲਈ ਇੱਥੇ ਰੇਲਵੇ ਲਾਈਨ ਉੱਤੇ ਚੱਲ ਰਿਹਾ ਕਿਸਾਨਾਂ ਦਾ ਧਰਨਾ ਅੱਜ ਪੰਜਵੇਂ ਦਿਨ ’ਚ ਦਾਖ਼ਲ ਹੋ ਗਿਆ ਹੈ। ਕਿਸਾਨਾਂ ਨੇ ਖੇਤੀ ਕਾਨੂੰਨ ਰੱਦ ਹੋਣ ਤੱਕ ਰੇਲ ਲਾਈਨ ਉੱਤੇ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ ਹੈ।
ਬੁਲਾਰਿਆਂ ਕੇਂਦਰ ਦੀ ਮੋਦੀ ਸਰਕਾਰ ਉੱਪਰ ਦੋਸ਼ ਲਾਇਆ ਕਿ ਖੇਤੀ ਸੈਕਟਰ ਨੂੰ ਮੁਕੰਮਲ ਤੌਰ ਉੱਤੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨਾ ਚਾਹੁੰਦੀ ਹੈ। ਐੱਮਐੱਸਪੀ ਨੂੰ ਖ਼ਤਮ ਕਰਕੇ ਸਰਕਾਰ ਕਿਸਾਨੀ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਨ ਜਾ ਰਹੀ ਹੈ, ਲੇਕਿਨ ਕਿਸਾਨ ਅਜਿਹਾ ਨਹੀਂ ਹੋਣ ਦੇਣਗੇ।
ਆਗੂਆਂ ਕਿਹਾ ਕਿ ਪਹਿਲਾਂ ਵੀ ਮੋਦੀ ਸਰਕਾਰ ਨੇ ਜਨਤਕ ਅਦਾਰਿਆਂ ਨੂੰ ਅਡਾਨੀ ਤੇ ਅੰਬਾਨੀ ਦੇ ਹਵਾਲੇ ਕੀਤਾ ਹੈ ਤੇ ਫਿਰ ਮਜ਼ਦੂਰ ਹਿੱਤ ਦੇ ਸਾਰੇ ਕਾਨੂੰਨਾਂ ਨੂੰ ਖ਼ਤਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਵੱਲੋਂ ਪੰਜਾਬ ਦੀ ਕਿਸਾਨੀ ਨੂੰ ਤਬਾਹ ਕਰਕੇ ਚੌਕਾਂ ਵਿੱਚ ਮਜ਼ਦੂਰੀ ਦੀ ਭੀਖ ਮੰਗਣ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਇਸੇ ਦੌਰਾਨ ਡੈਮੋਕ੍ਰੇਟਿਕ ਮੁਲਾਜ਼ਮ ਫਰੰਟ ਦੇ ਮੈਂਬਰ ਅੱਜ ਸ਼ਹਿਰ ਵਿੱਚ ਇੱਕਠੇ ਹੋਏ ਅਤੇ ਮਾਰਚ ਕਰਦੇ ਧਰਨੇ ਵਾਲੀ ਜਗ੍ਹਾ ਪੁੱਜੇ। ਇਸ ਮੌਕੇ ਫਰੰਟ ਦੇ ਆਗੂ ਅਮਰਜੀਤ ਸ਼ਾਸ਼ਤਰੀ ਅਤੇ ਹੋਰਨਾਂ ਨੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਦਾ ਐਲਾਨ ਕਰਦੇ ਮੋਦੀ ਸਰਕਾਰ ਤੋਂ ਖੇਤੀ ਕਾਨੂੰਨ ਰੱਦ ਕਰਕੇ ਕਿਸਾਨਾਂ ਨੂੰ ਰਾਹਤ ਦੇਣ ਦੀ ਮੰਗ ਕੀਤੀ।