ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 28 ਜੂਨ
ਪੰਜਾਬ ਸਰਕਾਰ ਦੇ ਹੁਕਮਾਂ ’ਤੇ ਨਹਿਰੀ ਪਾਣੀ ਦੀ ਸਿੰਜਾਈ ਲਈ ਹੋ ਰਹੀ ਦੁਰਵਰਤੋਂ ਰੋਕਣ ਲਈ ਹਲਕੇ ਤੋਂ ਲੰਘਣ ਵਾਲੀਆਂ ਨਹਿਰਾਂ ਅਤੇ ਰਜਵਾਹਿਆਂ ਵਿਚੋਂ ਵਾਹੀਯੋਗ ਜ਼ਮੀਨ ਨੂੰ ਪਾਣੀ ਦੇਣ ਲਈ ਲਗਾਏ ਗਏ ਨਾਜਾਇਜ਼ ਅਤੇ ਆਰਜ਼ੀ ਮੋਘੇ ਬੰਦ ਕਰ ਦਿੱਤੇ ਗਏ ਹਨ। ਇਸ ਕਾਰਨ ਨਹਿਰੀ ਪਾਣੀ ਰਾਹੀਂ ਸਿੰਜਾਈ ਕਰਨ ਵਾਲੇ ਕਿਸਾਨਾਂ ਵਿੱਚ ਹਾਹਾਕਾਰ ਮਚੀ ਹੋਈ ਹੈ। ਇਸ ਸਬੰਧੀ ਕਾਹਨੂੰਵਾਨ ਦੇ ਕਿਸਾਨ ਆਗੂ ਅਤੇ ਸਰਪੰਚ ਆਫ਼ਤਾਬ, ਮਨੋਹਰ ਸਿੰਘ, ਬਲਦੇਵ ਸਿੰਘ, ਸਰਬਜੋਤ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਮੀਨ ਦੀ ਸਿੰਜਾਈ ਨਹਿਰੀ ਪਾਣੀ ਦੁਆਰਾ ਕੀਤੀ ਜਾਂਦੀ ਹੈ। ਇਸ ਲਈ ਉਨ੍ਹਾਂ ਨੂੰ ਹਰ ਸਾਲ ਝੋਨੇ ਦੇ ਸੀਜ਼ਨ ਮੌਕੇ ਤਿੰਨ ਮਹੀਨੇ ਲਈ ਆਰਜ਼ੀ ਮੋਘੇ ਲਾਉਣ ਦੀ ਇਜਾਜ਼ਤ ਦੇ ਦਿੱਤੀ ਜਾਂਦੀ ਸੀ ਪਰ ਇਸ ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੁਕਮਾਂ ਮੁਤਾਬਕ ਸਾਰੇ ਹੀ ਆਰਜ਼ੀ ਮੋਘੇ ਬੰਦ ਕਰ ਦਿੱਤੇ ਗਏ ਹਨ। ਇਸ ਕਾਰਨ ਨਹਿਰੀ ਪਾਣੀ ਉੱਤੇ ਨਿਰਭਰ ਕਿਸਾਨ ਭਾਰੀ ਸਮੱਸਿਆ ਵਿੱਚ ਫਸ ਗਏ ਹਨ। ਕਿਸਾਨਾਂ ਨੇ ਫ਼ੈਸਲਾ ਕੀਤਾ ਕਿ ਉਹ ਪ੍ਰਸ਼ਾਸਨ ਨੂੰ ਲਿਖਤੀ ਰੂਪ ਵਿੱਚ ਇਸ ਕਾਰਵਾਈ ਖ਼ਿਲਾਫ਼ ਚਿਤਾਵਨੀ ਪੱਤਰ ਦੇਣਗੇ।
ਕੀ ਕਹਿੰਦੇ ਨੇ ਅਧਿਕਾਰੀ
ਨਹਿਰੀ ਵਿਭਾਗ ਦੇ ਐੱਸਡੀਓ ਪ੍ਰਦੀਪ ਬਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਖ਼ਤ ਹੁਕਮਾਂ ਦੇ ਚਲਦਿਆਂ ਵਿਭਾਗ ਵੱਲੋਂ ਪੰਜਾਬ ਭਰ ਵਿੱਚ ਆਰਜ਼ੀ ਮੋਘੇ ਬੰਦ ਕਰ ਦਿੱਤੇ ਹਨ ਪਰ ਕਿਸਾਨਾਂ ਦੇ ਗ਼ੁੱਸੇ ਨੂੰ ਦੇਖਦਿਆਂ ਹੁਣ ਸਰਕਾਰ ਜਲਦੀ ਹੀ ਕਿਸਾਨਾਂ ਦੇ ਹੱਕ ਵਿੱਚ ਕੋਈ ਸਾਰਥਕ ਫ਼ੈਸਲਾ ਲੈਣ ਜਾ ਰਹੀ ਹੈ। ਸ੍ਰੀ ਬਹਿਲ ਨੇ ਕਿਹਾ ਕਿ ਉਨ੍ਹਾਂ ਨੇ ਕਿਸਾਨਾਂ ਦੇ ਹੱਕ ਵਿੱਚ ਨਵੀਂ ਨੀਤੀ ਬਣਾਉਣ ਦੀ ਸਿਫ਼ਾਰਸ਼ ਕੀਤੀ ਹੈ।