ਗੁਰਭੇਜ ਸਿੰਘ ਰਾਣਾ
ਸ੍ਰੀ ਹਰਗੋਬਿੰਦਪੁਰ, 13 ਜੁਲਾਈ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਇਕੱਠੇ ਹੋ ਕੇ ਪਿੰਡ ਚੀਮਾ ਖੁੱਡੀ ਵਿੱਚ ਹਲਕਾ ਵਿਧਾਇਕ ਦੇ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ। ਜ਼ੋਨ ਪ੍ਰਧਾਨ ਹਰਦੀਪ ਸਿੰਘ ਫ਼ੌਜੀ, ਜ਼ੋਨ ਅੱਚਲ ਸਾਹਿਬ ਦੇ ਪ੍ਰਧਾਨ ਹਰਭਜਨ ਸਿੰਘ ਵੈਰੋਨੰਗਲ, ਪਰਮਿੰਦਰ ਸਿੰਘ ਚੀਮਾ ਖੁੱਡੀ, ਸੂਬੇਦਾਰ ਰਛਪਾਲ ਸਿੰਘ ਭਰਥ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨਾਂ ਵੱਲੋਂ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਦਾ ਵਿਰੋਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆਂ ਕਿ ਵਿਧਾਇਕ ਬਲਵਿੰਦਰ ਸਿੰਘ ਲਾਡੀ ਵੱਲੋਂ ਪਿੰਡ ਚੀਮਾ ਖੁੱਡੀ ਵਿੱਚ ਬਣ ਰਹੀ ਆਈਟੀਆਈ ਦਾ ਉਦਘਾਟਨ ਕਰਨ ਵਾਸਤੇ ਆ ਰਹੇ ਸੀ ਜਿਸ ਦਾ ਕਿਸਾਨ ਆਗੂਆਂ ਨੂੰ ਪਤਾ ਲੱਗਾ ਤਾਂ ਜ਼ੋਨ ਦਮਦਮਾ ਸਾਹਿਬ, ਜ਼ੋਨ ਬਾਬਾ ਅੱਚਲ ਸਾਹਿਬ ਦੇ ਕਿਸਾਨ ਮਜ਼ਦੂਰਾਂ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਚੀਮਾ ਖੁੱਡੀ ਵਿੱਚ ਇਕੱਠ ਕਰਕੇ ਹਲਕਾ ਵਿਧਾਇਕ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਆਈਟੀਆਈ ਬਣ ਕੇ ਮੁਕੰਮਲ ਹੋਣ ਜਾ ਰਹੀ ਹੈ ਪਰ ਸਿਆਸੀ ਆਗੂ ਵੋਟਾਂ ਵਿੱਚ ਲਾਹਾ ਲੈਣ ਲਈ ਇਸ ਦਾ ਨੀਂਹ ਪੱਥਰ ਰੱਖਣ ਦਾ ਪ੍ਰੋਗਰਾਮ ਬਣਾਈ ਫਿਰਦੇ ਹਨ ਜੋ ਕਿ ਸ਼ਰੇਆਮ ਲੋਕਾਂ ਨੂੰ ਮੂਰਖ ਬਣਾਉਣ ਦਾ ਪ੍ਰੋਗਰਾਮ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਬਲਵਿੰਦਰ ਸਿੰਘ ਲਾਡੀ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਕਾਸ ਕਰਵਾਉਣ ਵਿੱਚ ਅਸਫਲ ਸਾਬਿਤ ਹੋਏ ਹਨ ਅਤੇ ਇਨ੍ਹਾਂ ਨੇ ਅੱਜ ਤੱਕ ਦਿੱਲੀ ਵਿੱਚ ਸ਼ਹੀਦ ਹੋਏ 520 ਕਿਸਾਨਾਂ ਦੇ ਹੱਕ ਵਿੱਚ ਇੱਕ ਵਾਰ ਵੀ ਹਾਅ ਦਾ ਨਾਅਰਾ ਨਹੀਂ ਮਾਰਿਆ ਹੈ ਜਿਸ ਦਾ ਕਿਸਾਨਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਰੋਹ ਵੇਖਦਿਆਂ ਵਿਧਾਇਕ ਵੱਲੋਂ ਆਪਣਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ ਜੋ ਕਿ ਕਿਸਾਨਾਂ ਦੀ ਜਿੱਤ ਹੈ। ਕਿਸਾਨ ਆਗੂਆਂ ਕਿਹਾ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪੂਰਨ ਤੌਰ ਦੇ ਸਿਆਸੀ ਪਾਰਟੀਆਂ ਦਾ ਬਾਈਕਾਟ ਕੀਤਾ ਜਾਵੇਗਾ। ਇਸ ਮੌਕੇ ਕੁਲਬੀਰ ਸਿੰਘ ਕਾਹਲੋਂ, ਗੁਰਵਿੰਦਰ ਸਿੰਘ ਬਾਜਵਾ, ਰੋਮੀ ਗੁਰਾਇਆ, ਅਜੈਬ ਸਿੰਘ ਚੀਮਾ ਖੁੱਡੀ, ਮਨਿੰਦਰ ਸਿੰਘ ਸਮਸਾ, ਗੁਰਮੇਜ ਸਿੰਘ, ਜਸਪਾਲ ਸਿੰਘ ਕਾਹਲੋਂ, ਕੁਲਦੀਪ ਸਿੰਘ ਚੀਮਾ ਖੁੱਡੀ, ਦਿਲਬਾਗ ਸਿੰਘ ਧਾਰੀਵਾਲ ਅਤੇ ਭਾਰਤੀ ਕਿਸਾਨ ਕ੍ਰਾਂਤੀਕਾਰੀ ਯੂਨੀਅਨ ਦੇ ਆਗੂ ਵੀ ਹਾਜ਼ਰੀ ਸਨ।