ਦਿਲਬਾਗ ਸਿੰਘ ਗਿੱਲ
ਅਟਾਰੀ, 3 ਜੁਲਾਈ
ਸੰਯੁਕਤ ਕਿਸਾਨ ਮੋਰਚੇ ਵਿੱਚ ਕੰਮ ਕਰਦੀਆਂ ਕਿਸਾਨ ਜਥੇਬੰਦੀਆਂ ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਬਾਰਡਰ ਏਰੀਆ ਸੰਘਰਸ਼ ਕਮੇਟੀ ਇਤਿਹਾਸਕ ਪਿੰਡ ਭਕਨਾ ਅਤੇ ਅਟਾਰੀ ਸਥਿਤ ਚੱਲ ਰਹੇ ਬਾਬਾ ਸੋਹਣ ਸਿੰਘ ਭਕਨਾ ਰੂਰਲ ਹੈਲਥ ਸੈਂਟਰ ਅਤੇ ਅਟਾਰੀ ਸਥਿਤ ਮੁੱਢਲਾ ਸਿਹਤ ਕੇਂਦਰ ਨੂੰ ਆਮ ਆਦਮੀ ਪਾਰਟੀ ਸਰਕਾਰ ਬਿਨਾਂ ਕਿਸੇ ਕਾਰਨ ਮੁਹੱਲਾ ਕਲੀਨਿਕ ਵਿੱਚ ਬਦਲਣ ਦੇ ਖਿਲਾਫ਼ ਅਟਾਰੀ ਹਸਪਤਾਲ ਵਿੱਚ ਸੈਂਕੜੇ ਕਾਰਕੁਨਾਂ ਨੇ ਇਸ ਦਾ ਸਖਤ ਵਿਰੋਧ ਕੀਤਾ। ਇਸ ਮੌਕੇ ਜਥੇਬੰਦੀਆਂ ਦੇ ਕਰਕੁਨਾਂ ਨੇ ‘ਸਰਕਾਰੀ ਹਸਪਤਾਲ ਵੇਚਣੇ ਬੰਦ ਕਰੋ’, ‘ਮੁਹੱਲਾ ਕਲੀਨਿਕਾਂ ਦੀ ਥਾਂ ਅਟਾਰੀ ਤੇ ਭਕਨਾਂ ਕਲਾਂ ਸਰਕਾਰੀ ਹਸਪਤਾਲਾਂ ਵਿੱਚ ਡਾਕਟਰੀ ਸਟਾਫ਼ ਪੂਰਾ ਕਰੋ’ ਆਦਿ ਪੋਸਟਰ ਫੜੇ ਹੋਏ ਸਨ। ਇਸ ਮੌਕੇ ਆਗੂ ਰਤਨ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਦੋਵੇਂ ਹਸਪਤਾਲ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਹਨ ਅਤੇ ਲਗਪਗ ਚਾਰ ਦਰਜਨ ਪਿੰਡਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰ ਰਹੇ ਹਨ। ਰੰਧਾਵਾ ਨੇ ਕਿਹਾ ਕਿ ਇਨ੍ਹਾਂ ਹਸਪਤਾਨ ਦਾ ਸਟਾਫ਼ ਜਿਸ ਵਿੱਚ ਡਾਕਟਰ, ਨਰਸਾਂ, ਫਾਰਮਾਸਿਸਟ, ਲੈਬ ਟੈਕਨੀਸ਼ੀਅਨ ਤੇ ਦਰਜਾ ਚਾਰ ਨੂੰ ਇਨ੍ਹਾਂ ਹਸਪਤਾਲਾਂ ਤੋਂ ਬਦਲ ਕੇ ਸ਼ਹਿਰੀ ਹਸਪਤਾਲਾਂ ਵਿੱਚ ਸ਼ਿਫਟ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗਰੀਬ ਕਿਸਾਨਾਂ ਮਜ਼ਦੂਰਾਂ ਜੋ ਨਿੱਜੀ ਹਸਪਤਾਲਾਂ ਦਾ ਖ਼ਰਚਾ ਨਹੀਂ ਦੇ ਸਕਦੇ, ਉਨ੍ਹਾਂ ਨੂੰ ਹੁਣ ਸ਼ਹਿਰਾਂ ਵਿੱਚ ਜਾਣਾ ਪਵੇਗਾ। ਮੁਜ਼ਾਹਰਾਕਾਰੀਆਂ ਨੇ ਮੰਗ ਕੀਤੀ ਕਿ ਇਤਿਹਾਸਕ ਯੋਧਿਆਂ ਦੇ ਨਾਂ ’ਤੇ ਬਣੇ ਇਨ੍ਹਾਂ ਹਸਪਤਾਲਾਂ ਵਿੱਚ ਲੋੜੀਂਦਾ ਸਟਾਫ਼ ਪੂਰਾ ਕੀਤਾ ਜਾਵੇ। ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਸ੍ਰੀ ਹਰਪ੍ਰੀਤ ਸਿੰਘ ਐਸਡੀਐਮ ਅੰਮ੍ਰਿਤਸਰ-2 ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ਇੱਕ ਮੰਗ-ਪੱਤਰ ਦਿੱਤਾ ਗਿਆ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਉਨ੍ਹਾਂ ਨੂੰ ਮੰਗ-ਪੱਤਰ ਰਾਹੀਂਇੱਕ ਹਫ਼ਤੇ ਤੱਕ ਦਾ ਅਲਟੀਮੇਟਮ ਦਿੱਤਾ ਕਿ ਜੇਕਰ ਇਹ ਅਟਾਰੀ ਤੇ ਭਕਨਾ ਕਲਾਂ ’ਚ ਮੁਹੱਲਾ ਕਲਨਿਕਾਂ ਬਣਾਉਣ ਦਾ ਫੈਸਲਾ ਨਾ ਬਦਲਿਆ ਗਿਆ ਤਾਂ 12 ਜੁਲਾਈ ਨੂੰ ਅਟਾਰੀ ਚੌਕ ਵਿੱਚ ਆਵਾਜਾਈ ਰੋਕ ਕੇ ਪੱਕਾ ਧਰਨਾ ਦਿੱਤਾ ਜਾਵੇਗਾ। ਅੱਜ ਦੇ ਇਸ ਇਕੱਠ ਨੂੰ ਨਿਰਮਲ ਸਿੰਘ ਮੋਦੇ, ਬਲਦੇਵ ਸਿੰਘ ਧਾਰੀਵਾਲ, ਸ਼ਰਨਜੀਤ ਸਿੰਘ ਧਨੋਏ, ਮਹਿੰਦਰ ਸਿੰਘ ਰਤਨ, ਬਾਬਾ ਅਰਜਨ ਸਿੰਘ, ਸੁੱਖ ਲਾਹੌਰੀਮੱਲ ਅਤੇ ਬਾਬਾ ਸ਼ਮਸੇਰ ਸਿੰਘ ਕੋਹਰੀ ਨੇ ਵੀ ਸੰਬੋਧਨ ਕੀਤਾ।