ਪੱਤਰ ਪ੍ਰੇਰਕ
ਗੁਰਦਾਸਪੁਰ, 14 ਅਪਰੈਲ
ਮੰਡੀਆਂ ’ਚ ਬਾਰਦਾਨਾ ਨਾ ਪੁੱਜਣ ਅਤੇ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਨਾ ਹੋਣ ਦਾ ਦੋਸ਼ ਲਾਉਂਦਿਆਂ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਤੇਜਾ ਸਿੰਘ ਸੁਤੰਤਰ ਦੇ ਪ੍ਰਧਾਨ ਰਣਬੀਰ ਸਿੰਘ ਡੁੱਗਰੀ ਦੀ ਅਗਵਾਈ ਹੇਠ ਫੋਕਲ ਪੁਆਇੰਟ ਆਲੀਨੰਗਲ ਵਿਖੇ ਨਾਅਰੇਬਾਜ਼ੀ ਕੀਤੀ ਗਈ।
ਆਗੂਆਂ ਕਿਹਾ ਕਿ ਸਰਕਾਰ ਨੇ ਕਣਕ ਦੀ ਸਰਕਾਰੀ ਖਰੀਦ 10 ਅਪਰੈਲ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਅੱਜੇ ਤੱਕ ਮੰਡੀਆਂ ਅੰਦਰ ਬਾਰਦਾਨਾ ਨਹੀਂ ਪੁੱਜਿਆ ਅਤੇ ਨਾ ਹੀ ਐਲਾਨ ਮੁਤਾਬਕ ਕਣਕ ਦੀ ਖਰੀਦ ਸ਼ੁਰੂ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਤੇ ਆੜ੍ਹਤੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜ਼ੋਨ ਪ੍ਰਧਾਨ ਰਣਬੀਰ ਸਿੰਘ ਡੁੱਗਰੀ ਨੇ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਸਰਕਾਰ ਬਾਰਦਾਨਾ ਮੰਡੀਆਂ ਵਿੱਚ ਪਹੁੰਚਾਵੇ ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿੱਚ ਖੱਜਲ ਖੁਆਰ ਨਾ ਹੋਣਾ ਪਵੇ। ਇਸ ਮੌਕੇ ਸ਼ਮਸ਼ੇਰ ਸਿੰਘ, ਹਰਭਜਨ ਸਿੰਘ, ਹਰਜਿੰਦਰ ਸਿੰਘ, ਰਛਪਾਲ ਸਿੰਘ, ਸੁਖਵਿੰਦਰ ਸਿੰਘ ਅਲੜਪਿੰਡੀ, ਸੁਖਦੇਵ ਸਿੰਘ ਅਲੜਪਿੰਡੀ, ਸੁੱਚਾ ਸਿੰਘ ਬਲੱਗਣ, ਨਰਿੰਦਰ ਸਿੰਘ, ਬਾਬਾ ਕਰਨੈਲ ਸਿੰਘ ਹਾਜ਼ਰ ਸਨ।