ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 19 ਜੂਨ
ਝੋਨੇ ਦੀ ਲਵਾਈ ਦੇ ਮੱਦੇਨਜ਼ਰ ਨਿਰਵਿਘਨ ਬਿਜਲੀ ਸਪਲਾਈ ਲਈ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਤੇ ਵਰਕਰਾਂ ਨੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਦੀ ਅਗਵਾਈ ਹੇਠ ਐਕਸੀਅਨ ਦਫ਼ਤਰ ਕਰਤਾਰਪੁਰ ਵਿਚ ਧਰਨਾ ਲਾਇਆ। ਐਕਸੀਅਨ ਦਫ਼ਤਰ ਵਿਚ ਧਰਨੇ ’ਤੇ ਬੈਠੇ ਕਿਸਾਨਾਂ ਨੇ ਸਰੀਰਕ ਦੂਰੀ ਬਣਾਊਣ ਦੇ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕੀਤੀ। ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਐਕਸੀਅਨ ਨੂੰ ਦਿੱਤੇ ਮੰਗ ਪੱਤਰ ਵਿਚ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਕਾਰਨ ਨਿਰਵਿਘਨ ਅੱਠ ਘੰਟੇ ਬਿਜਲੀ ਸਪਲਾਈ ਯਕੀਨੀ ਬਣਾਊਣ ਤੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਪਾਵਰਕੌਮ ਨੇ ਕਿਸਾਨਾਂ ਕੋਲੋਂ ਲੋਡ ਵਧਾਉਣ ਲਈ ਦਰਖਾਸਤਾਂ ਮੰਗੀਆਂ ਸਨ, ਜਿਸ ’ਤੇ ਕਿਸਾਨਾਂ ਨੇ ਪੈਸੇ ਵੀ ਜਮ੍ਹਾਂ ਕਰਵਾ ਦਿੱਤੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਹਾਲੇ ਤੱਕ ਪਾਵਰਕੌਮ ਨੇ ਵਧੇ ਹੋਏ ਲੋਡ ਅਨੁਸਾਰ ਟਰਾਂਸਫ਼ਾਰਮਰ ਨਹੀਂ ਬਦਲੇ, ਜਿਸ ਦਾ ਖ਼ਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਇਸ ਮੌਕੇ ਸਰਬਜੀਤ ਸਿੰਘ ਬਾਠ, ਚਰਨਜੀਤ ਸਿੰਘ, ਜਸਵਿੰਦਰ ਸਿੰਘ, ਸੁਰਿੰਦਰ ਸਿੰਘ, ਮਹਿੰਦਰ ਸਿੰਘ, ਮੋਹਨ ਸਿੰਘ, ਗੁਰਮੇਲ ਸਿੰਘ, ਹਰਨੇਕ ਸਿੰਘ ਹਾਜ਼ਰ ਸਨ। ਐਕਸੀਅਨ ਪਾਵਰਕੌਮ ਕਰਤਾਰਪੁਰ ਐੱਸ. ਸੋਂਧੀ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਵਧਾਏ ਗਏ ਲੋਡ ਅਨੁਸਾਰ ਹਲਕੇ ਵਿੱਚ ਨੌਂ ਸੌ ਤੋਂ ਵੱਧ ਟਰਾਂਸਫਾਰਮਰ ਬਦਲੇ ਜਾ ਚੁੱਕੇ ਹਨ। ਕੁਝ ਟਰਾਂਸਫਾਰਮਰ ਬਦਲਣ ਤੋਂ ਰਹਿ ਗਏ ਸਨ, ਜਿਨ੍ਹਾਂ ਨੂੰ ਬਦਲਣ ਲਈ ਆਦੇਸ਼ ਦੇ ਦਿੱਤੇ ਗਏ ਹਨ।
ਗੁਰਦਾਸਪੁਰ (ਜਤਿੰਦਰ ਬੈਂਸ): ਜ਼ਿਲ੍ਹਾ ਗੁਰਦਾਸਪੁਰ ’ਚ ਸਰਗਰਮ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ ਕਾਰਕੁਨਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਕਿਸਾਨਾਂ ਦੇ ਵਫ਼ਦ ਨੇ ਵਧੀਕ ਡਿਪਟੀ ਕਮਿਸ਼ਨਰ ਤੇਜਿੰਦਰ ਪਾਲ ਸਿੰਘ ਸਿੱਧੂ ਨਾਲ ਮੁਲਾਕਾਤ ਕਰ ਕੇ ਊਨ੍ਹਾਂ ਨੂੰ ਕਿਸਾਨਾਂ ਦੀਆਂ ਸਮੱਸਿਆਵਾਂ ਤੇ ਮੰਗਾਂ ਤੋਂ ਜਾਣੂ ਕਰਵਾਉਂਦਿਆਂ ਮੰਗ ਪੱਤਰ ਸੌਂਪਿਆ। ਸੁਖਦੇਵ ਸਿੰਘ ਗੁਰਾਇਆ, ਕਪੂਰ ਸਿੰਘ ਘੁੰਮਣ, ਅਜੀਤ ਸਿੰਘ, ਸਤਬੀਰ ਸਿੰਘ, ਬਲਬੀਰ ਸਿੰਘ, ਸੁਖਦੇਵ ਸਿੰਘ, ਕਾਮਰੇਡ ਅਵਤਾਰ ਸਿੰਘ ਕਿਰਤੀ ਨੇ ਮੰਗ ਕੀਤੀ ਕਿ ਪਿਛਲੇ ਸਾਲ ਬੇਮੌਸਮੀ ਬਰਸਾਤਾਂ ਨਾਲ ਤਬਾਹ ਹੋਈਆਂ ਕਣਕਾਂ ਤੇ ਹੋਰ ਫ਼ਸਲਾਂ ਦਾ ਮੁਆਵਜ਼ਾ ਤੁਰੰਤ ਦਿੱਤਾ ਜਾਵੇ। ਕਿਸਾਨ ਆਗੂਆਂ ਨੇ ਫ਼ੈਸਲਾ ਲਿਆ ਕਿ ਜੇ ਪ੍ਰਸ਼ਾਸਨ ਨੇ ਕਿਸਾਨ ਮੰਗਾਂ ਦਾ ਤਸੱਲੀਬਖ਼ਸ਼ ਹੱਲ ਨਾ ਕੱਢਿਆ ਤਾਂ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਧਰਨਾ ਲਾਇਆਆ ਜਾਵੇਗਾ।
ਚੋਹਲਾ ਸਾਹਿਬ (ਤੇਜਿੰਦਰ ਸਿੰਘ ਖਾਲਸਾ): ਪੰਜਾਬ ਸਰਕਾਰ ਵੱਲੋਂ ਹੜ੍ਹ ਅਤੇ ਗੜੇਮਾਰੀ ਨਾਲ ਖ਼ਰਾਬ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਨਾ ਦਿੱਤੇ ਜਾਣ ਦੇ ਰੋਸ ਵਜੋਂ ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਇਕਾਈ ਘੜਕਾ ਨੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਜਥੇਬੰਦੀ ਦੇ ਆਗੂ ਗੁਰਬਚਨ ਸਿੰਘ ਘੜਕਾ ਨੇ ਕਿਹਾ ਕਿ ਮੰਡ ਖੇਤਰ ਦੇ ਪੀੜਤ ਕਿਸਾਨਾਂ ਦੀ ਆਰਥਿਕ ਹਾਲਤ ਬਹੁਤ ਮਾੜੀ ਹੈ ਅਤੇ ਕਿਸਾਨ ਝੋਨੇ ਦੀ ਲਵਾਈ ਦੇਣ ਤੋਂ ਅਸਮਰੱਥ ਹਨ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਗਿਆਨ ਸਿੰਘ, ਬਲਕਾਰ ਸਿੰਘ, ਪਰਮਜੀਤ ਸਿੰਘ, ਗੁਰਦੀਪ ਸਿੰਘ, ਨਿਸ਼ਾਨ ਸਿੰਘ, ਕੁਲਵੰਤ ਕੌਰ, ਪੂਰਨ ਕੌਰ ਹਾਜ਼ਰ ਸਨ।