ਰਣਬੀਰ ਸਿੰਘ ਮਿੰਟੂ
ਚੇਤਨਪੁਰਾ, 9 ਜੂਨ
ਹਲਕਾ ਅਜਨਾਲਾ ਦੇ ਸਾਬਕਾ ਅਕਾਲੀ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਦੇ ਪਿੰਡ ਸਹਿੰਸਰਾ ਦੇ ਡੇਰੇ ’ਤੇ ਆਉਣ ਦੀ ਅੱਜ ਕਿਰਤੀ ਕਿਸਾਨ ਯੂਨੀਅਨ ਦੇ ਵਰਕਰਾਂ ਨੂੰ ਭਿਣਕ ਪੈ ਗਈ ਤੇ ਸੈਂਕੜੇ ਕਿਸਾਨਾਂ ਨੇ ਸੂਬਾ ਪ੍ਰੈੱਸ ਸਕੱਤਰ ਜਤਿੰਦਰ ਸਿੰਘ ਛੀਨਾ ਤੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਝੰਡੇਰ ਦੀ ਅਗਵਾਈ ਵਿੱਚ ਡੇਰੇ ਤੋਂ ਫਤਿਹਗੜ੍ਹ ਚੂੜੀਆਂ- ਕੁੱਕੜਾਂ ਵਾਲਾ ਰੋਡ ਨੂੰ ਆਉਂਦੇ ਰਸਤੇ ਨੂੰ ਰੋਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਅਕਾਲੀ ਆਗੂ ਨੂੰ ਕਾਲੀਆਂ ਝੰਡੀਆਂ ਵਿਖਾਈਆਂ। ਜ਼ਿਕਰਯੋਗ ਹੈ ਕਿ ਕਿਸਾਨ ਅੰਦੋਲਨ ਦੇ ਚਲਦਿਆਂ ਪਿੰਡਾਂ ਵਿੱਚ ਸਿਆਸੀ ਸਰਗਰਮੀਆਂ ਕਰਨ ਵਾਲੇ ਆਗੂਆਂ ਦਾ ਵਿਰੋਧ ਜਾਰੀ ਹੈ। ਮੀਟਿੰਗ ਖਤਮ ਹੋਣ ਉਪਰੰਤ ਸਾਬਕਾ ਵਿਧਾਇਕ ਕਿਸਾਨਾਂ ਦੇ ਵਿਰੋਧ ਸਾਹਮਣੇ ਝੁੱਕਦਿਆਂ ਡੇਰੇ ਦੇ ਪਿਛਲੇ ਪਾਸਿਓਂ ਕੱਚੇ ਰਸਤੇ ਰਾਹੀਂ ਜਾਣ ਲਈ ਮਜਬੂਰ ਹੋਇਆ। ਕਿਸਾਨਾਂ ਨੇ ਇਸ ਸਮੇਂ ਐਲਾਨ ਕੀਤਾ ਕਿ ਸਮੂਹ ਹਾਕਮ ਜਮਾਤ ਪਾਰਟੀਆਂ ਦੇ ਆਗੂਆਂ ਨੂੰ ਪਿੰਡਾਂ ਵਿੱਚ ਵੜਨ ਤੋਂ ਰੋਕਿਆ ਜਾਵੇਗਾ।
ਇਸ ਰੋਸ ਪ੍ਰਦਰਸ਼ਨ ਵਿੱਚ ਕਿਸਾਨ ਆਗੂ ਸੁਖਦੇਵ ਸਿੰਘ ਸਹਿੰਸਰਾ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ, ਜ਼ੋਰਾਵਰ ਸਿੰਘ ਘੁੱਕੇਵਾਲੀ, ਸੁਖਵਿੰਦਰ ਸਿੰਘ ਕਿਆਮਪੁਰ, ਬਲਜਿੰਦਰ ਸਿੰਘ ਪੰਜਗਰਾਹੀਆਂ, ਬਲਜਿੰਦਰ ਸਿੰਘ ਝੰਡੇਰ, ਅੰਗਰੇਜ਼ ਸਿੰਘ ਕਾਮਲਪੁਰਾ, ਗਗਨ ਤੇੜਾ, ਮੇਜਰ ਸਿੰਘ ਜੋਹਲ, ਅੰਗਰੇਜ਼ ਸਿੰਘ ਕਾਮਲਪੁਰਾ, ਗੁਰਸ਼ਰਨ ਸਿੰਘ ਰਾਣੇਵਾਲੀ, ਲਾਡੀ ਸਹਿੰਸਰਾ, ਹਰਭੇਜ ਘੁੱਕੇਵਾਲੀ, ਅੰਮ੍ਰਿਤ ਪਾਲ ਸਿੰਘ ਸਹਿੰਸਰਾ ਤੇ ਅਵਤਾਰ ਸਿੰਘ ਸੁਧਾਰ ਆਦਿ ਹਾਜ਼ਰ ਸਨ।