ਸੁਖਦੇਵ ਸਿੰਘ
ਅਜਨਾਲਾ, 11 ਨਵੰਬਰ
ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦੀ ਬਿਜਾਈ ਦਾ ਸੀਜਨ ਇਸ ਵਾਰ ਕਿਸਾਨਾਂ ਨੂੰ ਬਿਜਾਈ ਲਈ ਵਰਤੀ ਜਾਣ ਵਾਲੀ ਡੀਏਪੀ ਖਾਦ ਪੂਰੀ ਮਾਤਰਾ ਵਿਚ ਨਾ ਮਿਲਣ ਕਾਰਨ ਪਛੜਨ ਦੇ ਆਸਾਰ ਬਣ ਗਏ ਹਨ। ਇਸ ਕਾਰਨ ਕਿਸਾਨ ਚਿੰਤਾ ਵਿੱਚ ਹਨ। ਕਈ ਦੁਕਾਨਦਾਰ ਕਿਸਾਨਾਂ ਦੀ ਮਜਬੂਰੀ ਦਾ ਨਾਜਾਇਜ਼ ਫ਼ਾਇਦਾ ਲੈਣ ਖ਼ਾਤਿਰ ਨਿਰਧਾਰਿਤ ਮੁੱਲ ਤੋਂ ਜ਼ਿਆਦਾ ਪੈਸੇ ਵਸੂਲ ਕਰ ਕੇ ਡੀਏਪੀ ਦੀ ਕਾਲਾਬਜ਼ਾਰੀ ਕਰ ਰਹੇ ਹਨ।
ਇਸ ਸਬੰਧੀ ਕਿਸਾਨ ਬਲਵਿੰਦਰ ਸਿੰਘ, ਪਰਮਜੀਤ ਸਿੰਘ ਨੇ ਦੱਸਿਆ ਕਿ ਸਹਿਕਾਰੀ ਸੁਸਾਇਟੀਆਂ ਅੰਦਰ ਖਾਦ ਘੱਟ ਆਉਣ ਕਾਰਨ ਬਹੁਤੇ ਕਿਸਾਨ ਡੀਏਪੀ ਖਾਦ ਲੈਣ ਤੋਂ ਵਾਂਝੇ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਕਈ ਪਹੁੰਚ ਵਾਲੇ ਦੁਕਾਨਦਾਰਾਂ ਨੇ ਸਹਿਕਾਰੀ ਸੁਸਾਇਟੀਆਂ ਤੋਂ 1200 ਰੁਪਏ ਪ੍ਰਤੀ ਬੋਰੀ ਖ਼ਰੀਦ ਕੇ ਕਿਸਾਨਾਂ ਨੂੰ 1400 ਤੋਂ 1600 ਰੁਪਏ ਤੱਕ ਡੀਏਪੀ ਵੇਚ ਕੇ ਲੁੱਟ ਕੀਤੀ ਹੈ ਪਰ ਪ੍ਰਸ਼ਾਸਨ ਇਸ ਪਾਸੇ ਵੱਲ ਧਿਆਨ ਨਹੀਂ ਦੇ ਰਿਹਾ। ਉਨ੍ਹਾਂ ਦੱਸਿਆ ਕਿ ਝੋਨੇ ਦੀ ਵਾਢੀ ਸਮੇਂ ਹੋਈ ਬੇਮੌਸਮੀ ਬਰਸਾਤ ਨੇ ਪਹਿਲਾਂ ਹੀ ਕਣਕ ਦੀ ਬਿਜਾਈ ਵਿਚ ਵਿਘਨ ਪਾਇਆ ਹੈ। ਹੁਣ ਡੀਏਪੀ ਖਾਦ ਨਾ ਮਿਲਣ ਕਾਰਨ ਕਿਸਾਨ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ।
ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਧਨਵੰਤ ਸਿੰਘ ਖਤਰਾਏ ਕਲਾਂ ਨੇ ਸਰਕਾਰ ਨੂੰ ਡੀਏਪੀ ਖਾਦ ਤੁਰੰਤ ਮੁਹੱਈਆ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਡੀਏਪੀ ਖਾਦ ਦੀ ਕਿਲਤ ਹੋਈ। ਇਸ ਕਾਰਨ ਦੁਕਾਨਦਾਰ ਕਿਸਾਨਾਂ ਕੋਲੋਂ ਵੱਧ ਭਾਅ ਵਸੂਲ ਕੇ ਲੁੱਟ ਰਹੇ ਹਨ। ਉਨ੍ਹਾਂ ਕਿਹਾ ਕਿ ਕੁਝ ਦੁਕਾਨਦਾਰ ਕਿਸਾਨਾਂ ਨੂੰ ਖਾਦ ਦੇ ਨਾਲ ਕਣਕ ਦਾ ਬੀਜ ਅਤੇ ਦਵਾਈਆਂ ਧੱਕੇ ਨਾਲ ਵੇਚ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਦੁਕਾਨਦਾਰਾਂ ਨੇ ਕਿਸਾਨਾਂ ਦੀ ਲੁੱਟ ਬੰਦ ਨਾ ਕੀਤੀ ਤਾਂ ਅਜਿਹੇ ਦੁਕਾਨਦਾਰਾਂ ਖ਼ਿਲਾਫ਼ ਯੂਨੀਅਨ ਸਖ਼ਤ ਐਕਸ਼ਨ ਕਰੇਗੀ।
ਇਸ ਸਬੰਧੀ ਖੇਤੀਬਾੜੀ ਵਿਕਾਸ ਅਫ਼ਸਰ ਅਜਨਾਲਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਕਣਕ ਦੀ ਬਿਜਾਈ ਨੂੰ ਮੁੱਖ ਰੱਖਦੇ ਹੋਏ ਆਉਣ ਵਾਲੇ ਦੋ-ਤਿੰਨ ਦਿਨਾਂ ਵਿਚ ਖਾਦ ਦਾ ਰੈਕ ਲੱਗਣ ਦੀ ਸੰਭਾਵਨਾ ਹੈ। ਇਸ ਨਾਲ ਡੀਏਪੀ ਖਾਦ ਦੀ ਕੋਈ ਘਾਟ ਨਹੀਂ ਰਹੇਗੀ। ਵੱਧ ਭਾਅ ’ਤੇ ਖਾਦ ਵੇਚਣ ਵਾਲਿਆਂ ਪ੍ਰਤੀ ਅਣਜਾਣਤਾ ਪ੍ਰਗਟਾਉਦਿਆਂ ਉਨ੍ਹਾਂ ਕਿਹਾ ਕਿ ਜੇ ਕੋਈ ਦੁਕਾਨਦਾਰ ਕਿਸੇ ਕਿਸਾਨ ਤੋਂ ਖਾਦ ਦਾ ਨਿਰਧਾਰਿਤ ਵੱਧ ਭਾਅ ਲੈਂਦਾ ਫੜਿਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਐਕਸ਼ਨ ਕੀਤਾ ਜਾਵੇਗਾ।