ਪੱਤਰ ਪ੍ਰੇਰਕ
ਭੁਲੱਥ, 20 ਜੁਲਾਈ
ਇੱਥੇ ਅੱਜ ਤੜਕੇ ਤੋਂ ਪੈ ਰਹੇ ਮੀਂਹ ਨਾਲ ਜਿੱਥੇ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ ਹੈ ਉਥੇ ਬਿਜਲੀ ਕਾਮੇ ਤੇ ਕਿਸਾਨ ਖੁਸ਼ ਨਜ਼ਰ ਆ ਰਹੇ ਹਨ। ਭੁਲੱਥ, ਨਡਾਲਾ, ਬੇਗੋਵਾਲ ਅਤੇ ਨਾਲ ਲਗਦੇ ਪਿੰਡਾਂ ਵਿੱਚ ਭਰਵੀਂ ਬਾਰਸ਼ ਹੋਣ ਕਾਰਨ ਝੋਨੇ ਦੇ ਖੇਤਾਂ ਵਿਚ ਪਾਣੀ ਭਰਿਆ ਹੋਇਆ ਹੈ। ਇਸ ਸਬੰਧੀ ਕਿਸਾਨ ਗੁਰਮੁਖ ਸਿੰਘ ਘੁੰਮਣ ਨੇ ਕਿਹਾ ਕਿ ਜਿਥੇ ਮੀਂਹ ਪੈਣ ਨਾਲ ਗਰਮੀ ਘਟੀ ਹੈ ਉਥੇ ਜਨਰੇਟਰਾਂ ’ਤੇ ਡੀਜ਼ਲ ਦੇ ਖਰਚੇ ਦੀ ਵੀ ਬੱਚਤ ਹੋਈ ਹੈ। ਬਿਜਲੀ ਵਿਭਾਗ ਦੇ ਐੱਸਡੀਓ ਪ੍ਰਦੀਪ ਸੈਣੀ ਨੇ ਦੱਸਿਆ ਕਿ ਮੀਂਹ ਪੈਣ ਨਾਲ ਬਿਜਲੀ ਵਿਭਾਗ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ।
ਬਲਾਚੌਰ (ਨਿੱਜੀ ਪੱਤਰ ਪ੍ਰੇਰਕ): ਪੰਦਰਵਾੜੇ ਤੋਂ ਪੈ ਰਹੀ ਅੰਤਾਂ ਦੀ ਗਰਮੀ ਤੋਂ ਬੇਸ਼ੱਕ ਬਾਰਸ਼ ਨੇ ਆਮ ਲੋਕਾਂ, ਕਿਸਾਨਾਂ ਅਤੇ ਪਾਵਰਕੌਮ ਨੂੰ ਕਾਫੀ ਰਾਹਤ ਦਿੱਤੀ ਹੈ, ਪ੍ਰੰਤੂ ਮੌਨਸੂਨ ਦੀ ਇਸ ਪਹਿਲੀ ਬਾਰਿਸ਼ ਨਾਲ ਹੀ ਬਲਾਚੌਰ ਸ਼ਹਿਰ ਹਾਲੋਂ-ਬੇਹਾਲ ਹੋ ਗਿਆ ਹੈ। ਸ਼ਹਿਰ ਦੇ ਵਾਰਡ ਨੰਬਰ 6 ਦੇ ਕਈ ਘਰਾਂ ਵਿੱਚ ਮੀਂਹ ਦਾ ਪਾਣੀ ਜਾ ਵੜਿਆ, ਜਦੋਂ ਕਿ ਸਤੰਬਰ 2020 ਵਿੱਚ 38.29 ਲੱਖ ਰੁਪਏ ਦੀ ਲਾਗਤ ਨਾਲ ਅਨਾਜ ਮੰਡੀ ਦੇ ਸੀਵਰੇਜ ਸਿਸਟਮ ਦੇ ਕੀਤੇ ਗਏ ਨਵੀਨੀਕਰਨ ਦੀ ਫੂਕ ਪਹਿਲੇ ਮੀਂਹ ਨੇ ਹੀ ਕੱਢ ਦਿੱਤੀ ਅਤੇ ਸੀਵਰੇਜ ਸਿਸਟਮ ਬੰਦ ਹੋਣ ਕਾਰਨ ਅਨਾਜ ਮੰਡੀ ਵਾਲੀ ਸੜਕ ਵਿੱਚ ਪਾਣੀ ਭਰ ਗਿਆ। ਤਹਿਸੀਲ ਕੰਪਲੈਕਸ ਤਾਂ ਥੋੜ੍ਹੀ ਜਿਹੀ ਬਾਰਿਸ਼ ਨਾਲ ਹੀ ਡੁਬਕੂੰ-ਡੁਬਕੂੰ ਕਰਨ ਲੱਗ ਪਿਆ ਅਤੇ ਸ਼ਹਿਰ ਦੇ ਹੋਰ ਵਾਰਡਾਂ ਦੇ ਵੀ ਨੀਂਵੇਂ ਇਲਾਕਿਆਂ ਵਿੱਚ ਪਾਣੀ ਭਰਨ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਸ਼ਾਹਕੋਟ (ਪੱਤਰ ਪ੍ਰੇਰਕ): ਇਲਾਕੇ ਵਿਚ ਪਏ ਭਾਰੀ ਮੀਂਹ ਨਾਲ ਲੋਕਾਂ ਨੂੰ ਜਿੱਥੇ ਅੱਤ ਦੀ ਗਰਮੀ ਤੇ ਹੁੰਮਸ ਤੋ ਰਾਹਤ ਮਿਲੀ ਹੈ,ਉੱਥੇ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ। ਨੀਵੇਂ ਥਾਂ, ਸੜਕਾਂ ਅਤੇ ਨੀਵੀਆਂ ਥਾਵਾਂ ਵਾਲਾ ਝੋਨਾ ਪਾਣੀ ਵਿਚ ਡੁੱਬ ਗਏ। ਰਾਹਗੀਰਾਂ ਨੂੰ ਲੰਘਣ ਵਿਚ ਭਾਰੀ ਮੁਸ਼ਕਲਾਂ ਆਈਆਂ। ਖੇਤੀ ਮੋਟਰਾਂ ਦੇ ਬੰਦ ਹੋ ਜਾਣ ਨਾਲ ਪਾਵਰਕੌਮ ਨੂੰ ਵੱਡੀ ਰਾਹਤ ਮਿਲੀ ਹੈ। ਕਸਬਾ ਸ਼ਾਹਕੋਟ ਵਿਚ ਨੀਵੀਆਂ ਦੁਕਾਨਾਂ ਤੇ ਘਰਾਂ ਦੇ ਅੰਦਰ ਮੀਂਹ ਦਾ ਪਾਣੀ ਦਾਖਲ ਹੋ ਗਿਆ। ਬਾਜ਼ਾਰਾਂ, ਗਲੀਆਂ ਤੇ ਮੁਹੱਲਿਆਂ ਵਿਚ ਪਾਣੀ ਭਰਨ ਨਾਲ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਐੱਸਡੀਐੱਮ ਦਫਤਰ ਵਿੱਚ ਖੜ੍ਹੇ ਪਾਣੀ ਨੇ ਸਿਰਦਰਦੀ ਵਧਾਈ
ਤਰਨ ਤਾਰਨ (ਪੱਤਰ ਪ੍ਰੇਰਕ): ਆਮ ਨਾਗਰਿਕਾਂ ਦੀਆਂ ਦੁੱਖ ਤਕਲੀਫਾਂ ਦਾ ਨਿਵਾਰਨ ਕਰਨ ਵਾਲੇ ਸਥਾਨਕ ਤਹਿਸੀਲ ਦੇ ਸਰਵ ਉੱਚ ਅਧਿਕਾਰੀ ਐੱਸਡੀਐਮ ਦੇ ਦਫਤਰ ਦੇ ਕੰਪਲੈਕਸ ਅੰਦਰ ਬਾਰਸ਼ ਆਦਿ ਦੇ ਪਾਣੀ ਦੀ ਨਿਕਾਸੀ ਦਾ ਸੁਚੱਜਾ ਬੰਦੋਬਸਤ ਨਹੀਂ ਹੈ| ਇਹ ਆਉਣ-ਜਾਣ ਵਾਲੇ ਆਮ ਲੋਕਾਂ ਤੋਂ ਇਲਾਵਾ ਮੁਲਾਜ਼ਮਾਂ, ਵਸੀਕਾ ਨਵੀਸਾਂ ਆਦਿ ਲਈ ਡਾਢੀ ਪ੍ਰੇਸ਼ਾਨੀ ਦਾ ਕਾਰਨ ਬਣਦਾ ਆ ਰਿਹਾ ਹੈ| ਅੱਜ ਹੋਈ ਬਾਰਸ਼ ਨਾਲ ਦਫ਼ਤਰ ਦੇ ਕੰਪਲੈਕਸ ਅੰਦਰ ਇਕ ਫੁੱਟ ਤੋਂ ਵੀ ਵਧੇਰੇ ਡੂੰਘਾ ਪਾਣੀ ਖੜ੍ਹਾ ਹੋ ਗਿਆ ਜਿਹੜਾ ਸ਼ਾਮ ਤੱਕ ਉਵੇਂ ਦਾ ਉਵੇਂ ਹੀ ਖੜ੍ਹਾ ਸੀ| 1985 ਤੋਂ ਇਥੇ ਵਸੀਕਾ ਨਵੀਸ ਦੇ ਤੌਰ ਤੇ ਕੰਮ ਕਰਦੇ ਆ ਰਹੇ ਇਕਬਾਲ ਸਿੰਘ ਨੇ ਕਿਹਾ ਕਿ ਹਕੀਕਤ ਵਿੱਚ ਇਹ ਨੁਕਸ 1972 ਦੇ ਕਰੀਬ ਤਹਿਸੀਲ ਦੀ ਇਮਾਰਤ ਦਾ ਨਿਰਮਾਣ ਕਰਨ ਵੇਲੇ ਹੀ ਰਹਿ ਗਈ ਤਕਨੀਕੀ ਖਰਾਬੀ ਕਰਕੇ ਹੈ| ਐੱਸਡੀਐੱਮ ਰਜਨੀਸ਼ ਅਰੋੜਾ ਨੇ ਕਿਹਾ ਕਿ ਦਫਤਰ ਦੇ ਕੰਪਲੈਕਸ ਦੇ ਪਾਣੀ ਦੀ ਨਿਕਾਸੀ ਕਰਦੀ ਪਾਇਪ ਛੋਟੀ ਹੈ ਜਿਸ ਕਰਕੇ ਇਥੇ ਖੜ੍ਹੇ ਹੁੰਦੇ ਪਾਣੀ ਦੀ ਨਿਕਾਸੀ ਮੁਸ਼ਕਲ ਹੋ ਜਾਂਦੀ ਹੈ| ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਇਸ ਸਬੰਧੀ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਦੱਸਿਆ ਗਿਆ ਹੈ।