ਦਲਬੀਰ ਸੱਖੋਵਾਲੀਆ
ਬਟਾਲਾ/ਡੇਰਾ ਬਾਬਾ ਨਾਨਕ, 25 ਅਕਤੂਬਰ
ਅੱਜ ਵੱਖ ਵੱਖ ਕਿਸਾਨ ਜਥੇਬੰਦੀਆ ਨੇ ਦਸਹਿਰੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਡਾਨੀ ਅਤੇ ਅੰਬਾਨੀ ਦੇ ਪੂਤਲੇ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਆਖਿਆ ਕਿ ਜਦੋਂ ਤੱਕ ਕੇਂਦਰ ਸਰਕਾਰ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ, ਵਿੱਢੇ ਸੰਘਰਸ਼ ਨੂੰ ਮੱਠਾ ਨਹੀਂ ਪੈਣ ਦਿੱਤਾ ਜਾਵੇਗਾ। ਡੇਰਾ ਬਾਬਾ ਨਾਨਕ ਦੇ ਕਸਬਾ ਕਲਾਨੌਰ ਵਿੱਚ ਜਮਹੂਰੀ ਕਿਸਾਨ ਸਭਾ ਦੇ ਆਗੂ ਕਾਮਰੇਡ ਜਗਜੀਤ ਸਿੰਘ ਦੀ ਅਗਵਾਈ ਹੇਠ ਮੋਦੀ ਦਾ ਪੂਤਲਾ ਫੂਕਿਆ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾ) ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਜਿਆਂਵਾਲੀ ਦੀ ਅਗਵਾਈ ਹੇਠ ਬਟਾਲਾ-ਅੰਮ੍ਰਿਤਸਰ ਰੋਡ ’ਤੇ ਕੱਥੂਨੰਗਲ ਟੌਲ ਪਲਾਜ਼ਾ ਕੋਲ ਮੋਦੀ ਅਤੇ ਹੋਰਾਂ ਦੇ ਪੂਤਲੇ ਫੂਕੇ ਗਏ, ਜਦੋਂ ਕਿ ਬਟਾਲਾ ਵਿੱਚ ਉਮਰਪੁਰਾ ਅੱਡੇ ’ਤੇ ਗਿਆਨੀ ਦੇਵਿੰਦਰ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਵੱਡੀ ਗਿਣਤੀ ਵਿੱਚ ਪੁੱਜ ਕੇ ਪ੍ਰਧਾਨ ਮੰਤਰੀ ਮੋਦੀ ਦਾ ਪੂਤਲਾ ਫੂਕਿਆ। ਜਾਣਕਾਰ ਸੂਤਰ ਦੱਸਦੇ ਕਿ ਜ਼ਿਲ੍ਹਾ ਪੁਲੀਸ ਬਟਾਲਾ ਅਧੀਨ ਆਉਂਦੇ ਕਈ ਪਿੰਡਾਂ ਅਤੇ ਕਸਬਿਆਂ ਵਿੱਚ ਵੀ ਮੋਦੀ, ਅੰਬਾਨੀ ਅਤੇ ਅਡਾਨੀ ਦੇ ਪੂਤਲੇ ਫੂਕੇ ਗਏ।
ਮਾਨਸਰ (ਮਨਪ੍ਰੀਤ ਸਿੰਘ): ਕੁਲ ਹਿੰਦ ਕਿਸਾਨ ਸਭਾ ਮੁਕੇਰੀਆਂ ਵੱਲੋਂ ਮਾਨਸਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਸੂਬਾਈ ਜੁਆਇੰਟ ਸਕੱਤਰ ਆਸਾਨੰਦ, ਅਸੋਕ ਮਹਾਜਨ, ਸੁਰਜੀਤ ਸਿੰਘ ਬਾੜੀ ਤੇ ਸੁਰੇਸ਼ ਚਨੌਰ ਨੇ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਲਯੁੱਗ ਦਾ ਰਾਵਣ ਸਾਬਤ ਹੋਇਆ ਹੈ ਕਿਉਂਕਿ ਉਹ ਪੂਰੇ ਦੇਸ਼ ਦੀ ਕਿਸਾਨੀ ਨੂੰ ਬਰਬਾਦ ਕਰਨ ’ਤੇ ਤੁਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਜਿੱਥੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਜ਼ਮੀਨਾਂ ’ਤੇ ਕਬਜ਼ਿਆਂ ਦੀ ਖੁੱਲ੍ਹ ਦਿੰਦੇ ਹਨ, ਉੱਥੇ ਲੋਕਾਂ ਕੋਲੋਂ ਅੰਨ ਦਾ ਹੱਕ ਵੀ ਖੋਂਹਦੇ ਹਨ। ਇਹ ਕਾਨੂੰਨ ਲੋਕਾਂ ਦੀ ਕਿਰਤ ਦੇ ਹੱਕ ’ਤੇ ਬਹੁਤ ਵੱਡਾ ਡਾਕਾ ਸਾਬਤ ਹੋਣਗੇ। ਇਸ ਮੌਕੇ ਨਰੇਸ਼ ਕੁਮਾਰ, ਮੋਹਨ ਸਿੰਘ, ਤਾਰਾ ਸਿੰਘ, ਤਜਿੰਦਰ ਸਿੰਘ, ਰਘੁਵੀਰ ਸਿੰਘ ਗਿੱਲ, ਰਾਜਿੰਦਰ ਸਿੰਘ, ਦੀਵਾਨ ਸਿੰਘ, ਵਿਜੇ ਸਿੰਘ, ਪੂਰਨ ਚੰਦ ਹਾਜ਼ਰ ਸਨ।
ਫਤਹਿਗੜ੍ਹ ਚੂੜੀਆਂ (ਹਰਪਾਲ ਸਿੰਘ ਨਾਗਰਾ): ਕਿਸਾਨ ਮਾਰੂ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ 30 ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਕਿਸਾਨ ਸੰਘਰਸ਼ ਕਮੇਟੀ ਅਤੇ ਹੋਰ ਕਿਸਾਨ ਜਥੇਬੰਦੀਆਂ ਵੱਲੋਂ ਫਤਿਹਗੜ੍ਹ ਚੂੜੀਆਂ, ਪੰਧੇਰ, ਕੱਥੂਨੰਗਲ ਅਤੇ ਵੱਖ ਵੱਖ ਪਿੰਡਾਂ ਵਿੱਚ ਰਾਵਣ ਦੇ ਪੁਤਲੇ ਦੀ ਜਗ੍ਹਾ ਪ੍ਰਧਾਨ ਮੰਤਰੀ, ਅਡਾਨੀ, ਅੰਬਾਨੀ ਅਤੇ ਕਾਰਪੋਰੇਟ ਘਰਾਣੇ ਦੇ ਦਿਓ ਕੱਦ ਬੁਤਾਂ ਦੇ ਪੁਤਲੇ ਸਾੜ ਕੇ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ। ਇਸ ਮੌਕੇ ਕਿਸਾਨ, ਮਜ਼ਦੂਰ, ਨੌਜਵਾਨ, ਕਿਸਾਨ ਬੀਬੀਆਂ ਅਤੇ ਬੱਚੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਇਸ ਮੌਕੇ ਸੂਬਾ ਆਗੂ ਸਰਵਣ ਸਿੰਘ ਪੰਧੇਰ, ਲਖਵਿੰਦਰ ਸਿੰਘ ਮੰਜਿਆਂ ਵਾਲੀ, ਮਨਦੀਪ ਸਿੰਘ, ਮੁਖਤਾਰ ਸਿੰਘ ਭੰਗਵਾਂ, ਕਿਰਪਾਲ ਸਿੰਘ, ਅਜੀਤ ਸਿੰਘ ਖੋਖਰ, ਦਲਜੀਤ ਸਿੰਘ, ਰਛਪਾਲ ਸਿੰਘ ਟਰਪਈ ਤੇ ਸਾਹਿਬ ਸਿੰਘ ਹਾਜ਼ਰ ਸਨ।
ਆਦਮਪੁਰ ਦੋਆਬਾ (ਹਤਿੰਦਰ ਮਹਿਤਾ): ਅੱਜ ਇਥੇ ਵੱਖ ਵੱਖ ਕਿਸਾਨ ਜਥੇਬੰਦੀਆਂ ਵਲੋਂ ਅਲਾਵਲਪੁਰ ਚੌਂਕ ਵਿਖੇ ਖੇਤੀ ਬਿਲਾਂ ਨੂੰ ਲੈ ਕੇ ਪ੍ਰਧਾਨਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਅੰਬਾਨੀ, ਅੰਡਾਨੀ ਦੇ ਪੁਤਲੇ ਸਾੜੇ ਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜੀ ਕੀਤੀ। ਇਸੇ ਤਰ੍ਹਾਂ ਸ੍ਰੀ ਗੁਰੂ ਰਵੀਦਾਸ ਟਾਇਗਰ ਫੋਰਸ ਤੇ ਵਾਲਮੀਕ ਟਾਇਗਰ ਫੋਰਸ ਨੇ ਦਾਣਾ ਮੰਡੀ ਆਦਮਪੁਰ ਵਿਖੇ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਤੇ ਪੁਤਲੇ ਸਾੜੇ।
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਖੇਤੀ ਕਾਨੂੰਨਾਂ ਤੇ ਬਿਜਲੀ ਸੋਧ ਬਿੱਲ 2020 ਨੂੰ ਰੱਦ ਕਰਵਾਉਣ ਲਈ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ), ਪੰਜਾਬ ਖੇਤ ਮਜ਼ਦੂਰ ਯੂਨੀਅਨ, ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ, ਟੈਕਨੀਕਲ ਸਰਵਿਸਿਜ਼ ਯੂਨੀਅਨ ਅਤੇ ਤਰਕਸ਼ੀਲ ਸੁਸਾਇਟੀ ਦੇ ਵਰਕਰਾਂ ਨੇ ਪਿੰਡ ਮੱਲੀਆਂ ਕਲਾਂ ਵਿੱਚ ਰੋਸ ਰੈਲੀ ਕਰਨ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅੰਬਾਨੀ, ਅਡਾਨੀ ਅਤੇ ਹੋਰ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕੇ। ਰੋਸ ਰੈਲੀ ਨੂੰ ਮੋਹਨ ਸਿੰਘ ਬੱਲ, ਹਰਨੇਕ ਸਿੰਘ, ਤਰਸੇਮ ਸਿੰਘ, ਹਰਮੇਸ਼ ਮਾਲੜੀ, ਹਰਪਾਲ ਬਿੱਟਾ ਤੇ ਸੁਖਜਿੰਦਰ ਲਾਲੀ, ਗੁਰਮੁਖ ਸਿੰਘ ਸਿੱਧੂ, ਸੰਜੀਵ ਕੁਮਾਰ ਤੇ ਹਰਜਿੰਦਰ ਸਿੰਘ ਅਤੇ ਮਨਜੀਤ ਸਿੰਘ ਮਲਸੀਆਂ ਨੇ ਕਿਹਾ ਕਿ ਲੋਕਾਂ ਦੀ ਸਾਂਝੀ ਲੜਾਈ ਨਾਲ ਹੀ ਜ਼ਮੀਨ, ਰੁਜ਼ਗਾਰ, ਕਿਸਾਨੀ ਤੇ ਜਵਾਨੀ ਨੂੰ ਬਚਾਇਆ ਜਾ ਸਕਦਾ ਹੈ।
ਮਜੀਠਾ (ਲਖਨਪਾਲ ਸਿੰਘ): ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ ਕਿਸਾਨ ਆਗੂ ਕੁਲਦੀਪ ਸਿੰਘ ਦੀ ਅਗਵਾਈ ਹੇਠ ਵੱਖ ਵੱਖ ਪਿੰਡਾਂ ਵਿੱਚ ਰੋਸ ਮਾਰਚ ਕਰਨ ਉਪਰੰਤ ਪਿੰਡ ਨਾਗਕਲਾਂ ਵਿੱਚ ਮਜੀਠਾ ਰੋਡ ’ਤੇ ਸੜਕੀ ਆਵਾਜਾਈ ਰੋਕ ਕੇ ਰੋਸ ਮੁਜਾਹਰਾ ਕਰਦਿਆਂ ਮੋਦੀ ਦਾ ਪੁਤਲਾ ਫੂਕਿਆ ਗਿਆ। ਕਿਸਾਨ ਆਗੂ ਦਾਤਾਰ ਸਿੰਘ ਨੇ ਕਿਹਾ ਕਿ ਇੱਕ ਪਾਸੇ ਮੋਦੀ ਨੇ ਖੇਤੀ ਵਿਰੋਧੀ ਕਨੂੰਨਾਂ ਨੂੰ ਸਹੀ ਦੱਸਣ ਲਈ ਆਪਣੇ ਮੰਤਰੀਆਂ ਦੀ ਹੇੜ ਪੰਜਾਬ ਵਿੱਚ ਛੱਡੀ ਹੋਈ ਹੈ ਤੇ ਦੂਜੇ ਪਾਸੇ ਕਿਸਾਨ ਨੁਮਾਇਦਿਆਂ ਨੂੰ ਦਿੱਲੀ ਵਿੱਚ ਬੁਲਾ ਕੇ ਵੀ ਕੋਈ ਮੰਤਰੀ ਉਨ੍ਹਾਂ ਨਾਲ ਗੱਲਬਾਤ ਲਈ ਅੱਗੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਦੇਸ਼ ਦੀ ਸਥਿਤੀ ਹੋਰ ਵਿਗੜੇ ਖੇਤੀ ਵਿਰੋਧੀ ਕਨੂੰਨ ਰੱਦ ਕੀਤੇ ਜਾਣ।