ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 25 ਸਤੰਬਰ
ਇਸ ਖੇਤਰ ਵਿਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਬਾਰਸ਼ ਹੋ ਰਹੀ ਹੈ, ਜਿਸ ਕਾਰਨ ਹਰ ਪਾਸੇ ਜਲ ਥਲ ਹੋਈ ਪਈ ਹੈ ਅਤੇ ਇਸ ਬਾਰਸ਼ ਕਾਰਨ ਖੇਤਾਂ ਵਿੱਚ ਖੜ੍ਹੀ ਝੋਨੇ ਦੀ ਤਿਆਰ ਫਸਲ ਬਾਰਸ਼ ਦੇ ਪਾਣੀ ਕਾਰਨ ਖੇਤਾਂ ਵਿੱਚ ਡਿੱਗ ਪਈ ਹੈ, ਇਸ ਨਾਲ ਫ਼ਸਲ ਦੇ ਝਾੜ ਘੱਟ ਹੋਣ ਦੀ ਸੰਭਾਵਨਾ ਬਹੁਤ ਵਧ ਗਈ ਹੈ। ਉਥੇ ਦੂਸਰੇ ਪਾਸੇ ਜੰਡਿਆਲਾ ਗੁਰੂ ਦੀ ਅਨਾਜ ਮੰਡੀ ਵਿੱਚ ਝੋਨਾ ਬੀਜਣ ਨਾਲ ਕਿਸਾਨਾਂ ਨੂੰ ਆਪਣੀ ਫਸਲ ਦੀ ਵਿਕਰੀ ਕਰਨ ਲਈ ਆਉਂਦੇ ਕੁਝ ਦਿਨਾਂ ਤੱਕ ਇੰਤਜ਼ਾਰ ਕਰਨਾ ਪਵੇਗਾ। ਇਸ ਸਬੰਧੀ ਝੋਨਾ ਲੈ ਕੇ ਆਏ ਕਿਸਾਨ ਬਲਦੇਵ ਸਿੰਘ ਨੇ ਦੱਸਿਆ ਉਨ੍ਹਾਂ ਨੇ ਚਾਰ ਏਕੜ ਵਿੱਚ ਮਟਰ ਦੀ ਫਸਲ ਲਾਈ ਹੋਈ ਸੀ ਪਰ ਬਾਰਸ਼ ਹੋਣ ਕਾਰਨ ਉਨ੍ਹਾਂ ਦਾ ਕਰੀਬ 40-50 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਹੈ।
ਇਸ ਸਬੰਧੀ ਖੇਤੀਬਾੜੀ ਡਿਵੈਲਪਮੈਂਟ ਅਫਸਰ ਹਰਜੀਤ ਸਿੰਘ ਨੇ ਦੱਸਿਆ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਜਿਨ੍ਹਾਂ ਕਿਸਾਨਾਂ ਨੇ ਝੋਨੇ ਦੀ ਫਸਲ ਦੀ ਕਟਾਈ ਉਪਰੰਤ ਆਲੂ, ਮਟਰ ਅਤੇ ਫਲੀਆਂ ਬੀਜੀਆਂ ਹਨ ਉਸ ਫਸਲ ਦਾ ਇਹ ਬਾਰਸ਼ ਕਾਰਨ ਭਾਰੀ ਨੁਕਸਾਨ ਹੋਵੇਗਾ ਅਤੇ ਜੋ ਫਸਲ ਝੋਨੇ ਦੀ ਅਜੇ ਖੇਤਾਂ ਵਿੱਚ ਖੜ੍ਹੀ ਹੈ ਉਹ ਇਸ ਬਾਰਸ਼ ਕਾਰਨ ਡਿੱਗ ਪਈ ਹੈ।