ਪੱਤਰ ਪੇ੍ਰਕ
ਪਠਾਨਕੋਟ, 18 ਜੁਲਾਈ
ਪੁਲੀਸ ਨੇ ਇੱਕ ਪਿਤਾ ਨੂੰ 6 ਦਿਨ ਦਾ ਬੱਚਾ 1.40 ਲੱਖ ਰੁਪਏ ਵਿੱਚ ਵੇਚਦੇ ਸਮੇਂ ਕਾਬੂ ਕੀਤਾ ਹੈ। ਇਸ ਮੌਕੇ ਇੱਕ ਔਰਤ ਸਮੇਤ ਤਿੰਨ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈੈ। ਮੁਲਜ਼ਮਾਂ ਵਿੱਚ ਬੱਚੇ ਦਾ ਪਿਤਾ ਕਮਲਜੀਤ ਸਿੰਘ ਉਰਫ ਕਮਲ ਪੁੱਤਰ ਅਮਰੀਕ ਸਿੰਘ ਵਾਸੀ ਨਵਾਂ ਭੰਗਾਲਾ ਥਾਣਾ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ, ਖਰੀਦਦਾਰ ਸੁਨੰਦਾ ਪਤਨੀ ਸੰਨੀ ਵਾਸੀ ਵਰਸੋਲੀ ਹਾਲ ਵਰਸੋਲਾ ਜ਼ਿਲ੍ਹਾ ਗੁਰਦਾਸਪੁਰ ਅਤੇ ਅਤੁਲ ਪੁੱਤਰ ਸੁਭਾਸ਼ ਵਾਸੀ ਮੁਹੱਲਾ ਸਰਾਈਂ ਪਠਾਨਕੋਟ ਵਜੋਂ ਹੋਈ ਹੈ।
ਐਸਆਈ ਦੀਪਿਕਾ ਨੇ ਦੱਸਿਆ ਕਿ ਮੁਖਬਰ ਖਾਸ ਨੇ ਇਤਲਾਹ ਛੋਟੀ ਨਹਿਰ ਕੋਲ ਦੋ ਵਿਅਕਤੀ ਅਤੇ ਇੱਕ ਔਰਤ ਛੋਟਾ ਬੱਚਾ ਚੁੱਕੀ ਖੜ੍ਹੇ ਸਨ। ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਪੁਲੀਸ ਪਾਰਟੀ ਨੂੰ ਦੇਖ ਦੇ ਕੋਲ ਖੜ੍ਹੀ ਇੱਕ ਫੀਗੋ ਗੱਡੀ ਵਿੱਚ ਬੈਠ ਕੇ ਭੱਜਣ ਲੱਗਾ ਤਾਂ ਪੁਲੀਸ ਨੇ ਉਸ ਨੂੰ ਦਬੋਚ ਲਿਆ ਉਸ ਦੀ ਪਛਾਣ ਕਮਲਜੀਤ ਸਿੰਘ ਵਜੋਂ ਹੋਈ ਤੇ ਉਸ ਤੋਂ 1.40 ਲੱਖ ਰੁਪਏ ਬਰਾਮਦ ਹੋਏ। ਔਰਤ ਨੇ ਆਪਣਾ ਨਾਂ ਸੁਨੰਦਾ ਅਤੇ ਉਸ ਨਾਲ ਖੜ੍ਹੇ ਨੌਜਵਾਨ ਨੇ ਆਪਣਾ ਨਾਂ ਅਤੁਲ ਦੱਸਿਆ। ਔਰਤ ਨੇ ਦੱਸਿਆ ਕਿ ਇਹ ਬੱਚਾ ਕਮਲਜੀਤ ਸਿੰਘ ਦਾ ਹੈ ਜਿਸ ਨੂੰ ਉਸ ਨੇ ਆਪਣੀ ਮਾਸੀ ਦੇ ਲੜਕੇ ਅਤੁਲ ਨੂੰ ਨਾਲ ਲੈ ਕੇ 1.40 ਲੱਖ ਰੁਪਏ ਵਿੱਚ ਕਮਲਜੀਤ ਸਿੰਘ ਤੋਂ ਖਰੀਦ ਲਿਆ ਹੈ। ਪੁਲੀਸ ਨੇ ਦੱਸਿਆ ਬੱਚੇ ਨੂੰ ਪਠਾਨਕੋਟ ਦੇ ਸਿਵਲ ਹਸਪਤਾਲ ਦੇ ਚਿਲਡਰਨ ਵਾਰਡ ਵਿੱਚ ਰਖਵਾ ਦਿੱਤਾ ਗਿਆ ਹੈ।