ਪੱਤਰ ਪ੍ਰੇਰਕ
ਤਰਨ ਤਾਰਨ, 30 ਜੂਨ
ਭਿੱਖੀਵਿੰਡ ਪੁਲੀਸ ਨੇ ਇਲਾਕੇ ਦੇ ਪਿੰਡ ਕਲਸੀਆਂ ਕਲਾਂ ਦੇ ਵਾਸੀ ਅਰਸ਼ਦੀਪ ਸਿੰਘ ਵੱਲੋਂ ਆਪਣੇ ਹੀ ਪਿੰਡ ਦੀ 13 ਸਾਲ ਦੀ ਨਾਬਾਲਗ ਲੜਕੀ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ| ਪੀੜਤ ਲੜਕੀ ਪਿੰਡ ਦੇ ਸਰਕਾਰੀ ਸਕੂਲ ਦੀ ਨੌਵੀਂ ਜਮਾਤ ਵਿੱਚ ਪੜ੍ਹਦੀ ਹੈ|
ਇਹ ਮਾਮਲਾ 23 ਜੂਨ ਦਾ ਹੈ ਪਰ ਪੁਲੀਸ ਨੇ ਕੇਸ ਵੀਰਵਾਰ ਨੂੰ ਹੀ ਦਰਜ ਕੀਤਾ ਹੈ| ਉਸ ਦਿਨ ਪੀੜਤ ਲੜਕੀ ਦੇ ਮਾਤਾ-ਪਿਤਾ ਦਿਹਾੜੀ ਕਰਨ ਲਈ ਖੇਤਾਂ ਨੂੰ ਗਏ ਹੋਏ ਸਨ ਅਤੇ ਉਸ ਦਾ ਦਾਦਾ ਕਿਧਰੇ ਘਰੋਂ ਬਾਹਰ ਗਿਆ ਹੋਇਆ ਸੀ| ਮੁਲਜ਼ਮ ਦੁਪਹਿਰ ਵੇਲੇ ਲੜਕੀ ਦੇ ਘਰ ਦਾਖ਼ਲ ਹੋ ਗਿਆ ਅਤੇ ਲੜਕੀ ਦੀ ਮਰਜ਼ੀ ਦੇ ਬਿਨਾਂ ਉਸ ਨਾਲ ਅਪਰਾਧ ਕੀਤਾ| ਉਸ ਦੇ ਪਿਤਾ ਦੇ ਘਰ ਆਉਣ ’ਤੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ| ਪਰਿਵਾਰ ਨੇ ਬਦਨਾਮੀ ਦੇ ਡਰ ਕਰ ਕੇ ਇਹ ਮਾਮਲਾ ਬਾਹਰ ਨਹੀਂ ਜ਼ਾਹਰ ਕੀਤਾ| ਕੱਲ੍ਹ ਹੀ ਪੀੜਤ ਪਰਿਵਾਰ ਦੀ ਲੜਕੀ ਨੇ ਆਪਣੀ ਮਾਤਾ ਨੂੰ ਲੈ ਕੇ ਪੁਲੀਸ ਕੋਲ ਬਿਆਨ ਦਰਜ ਕਰਵਾਏ|
ਸਬ-ਇੰਸਪੈਕਟਰ ਸੁਖਬੀਰ ਕੌਰ ਨੇ ਪੀੜਤ ਲੜਕੀ ਦੇ ਬਿਆਨ ਦਰਜ ਕਰ ਕੇ ਦਫ਼ਾ 376 ਫੌਜਦਾਰੀ, 4- ਬਾਲਾ ਦਾ ਸਰੀਰਕ ਸ਼ੋਸ਼ਣ ਰੋਕਣ ਖਿਲਾਫ਼ (ਪੋਕਸੋ) ਐਕਟ-2012 ਅਧੀਨ ਇਕ ਕੇਸ ਦਰਜ ਕੀਤਾ ਹੈ| ਮੁਲਜ਼ਮ ਫ਼ਰਾਰ ਚੱਲ ਰਿਹਾ ਹੈ ਅਤੇ ਪੁਲੀਸ ਨੇ ਉਸ ਦੀ ਭਾਲ ਵਿੱਚ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਹਨ।