ਪੱਤਰ ਪ੍ਰੇਰਕ
ਤਰਨ ਤਾਰਨ, 23 ਸਤੰਬਰ
ਪੀਆਰਟੀਸੀ ਦੀ ਬੱਸ ਦੇ ਕੰਡਕਟਰ ਦੀ ਪੁਲੀਸ ਮੁਲਾਜ਼ਮ ਅਤੇ ਉਸ ਦੇ ਸਾਥੀਆਂ ਵੱਲੋਂ ਕੀਤੀ ਕੁੱਟਮਾਰ ਸਬੰਧੀ ਸਰਹਾਲੀ ਪੁਲੀਸ ਵੱਲੋਂ ਦਰਜ ਕੀਤੀ ਐੱਫ਼ਆਈਆਰ ਪੁਲੀਸ ਦੇ ਵਿਵਹਾਰ ਨੂੰ ਕਥਿਤ ਤੌਰ ’ਤੇ ਸ਼ੱਕੀ ਬਣਾ ਰਹੀ ਹੈ| ਪੀੜਤ ਕੰਡਕਟਰ ਹਰਵਿੰਦਰ ਸਿੰਘ ਨੇ ਦਰਜ ਕਰਵਾਈ ਸ਼ਿਕਾਇਤ ਵਿੱਚ ਉਸ ਦੀ ਮਾਰ ਕੁੱਟ ਕਰਨ ਵਿੱਚ ਪੁਲੀਸ ਮੁਲਾਜ਼ਮ ਦੇ ਨਾਲ ਪੰਜ ਹੋਰਨਾਂ ਦੇ ਵੀ ਸ਼ਾਮਲ ਹੋਣ ਦਾ ਦੋਸ਼ ਲਗਾਇਆ ਸੀ ਪਰ ਪੁਲੀਸ ਨੇ ਐੱਫ਼ਆਈਆਰ ਵਿੱਚ ਕੇਵਲ ਪੁਲੀਸ ਮੁਲਾਜਮ ਨੂੰ ਹੀ ਮੁਲਜ਼ਮ ਦੇ ਤੌਰ ’ਤੇ ਨਾਮਜ਼ਦ ਕੀਤਾ ਹੈ| ਪੁਲੀਸ ਅੱਜ ਤੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਵੀ ਨਹੀਂ ਕਰ ਸਕੀ| ਕੇਸ ਦੇ ਜਾਂਚ ਅਧਿਕਾਰੀ ਏਐੱਸਆਈ ਜਸਪ੍ਰੀਤ ਸਿੰਘ ਨੇ ਮੰਨਿਆ ਕਿ ਐੱਫ਼ਆਈਆਰ ਕੇਵਲ ਹਰਪ੍ਰਿੰਸਪਾਲ ਸਿੰਘ ਖਿਲਾਫ਼ ਹੀ ਦਰਜ ਕੀਤੀ ਗਈ ਹੈ| ਉਨ੍ਹਾਂ ਇਹ ਵੀ ਕਿਹਾ ਕਿ ਬੱਸ ਦੇ ਕੰਡਕਟਰ ਹਰਵਿੰਦਰ ਸਿੰਘ ਨੇ ਸ਼ਿਕਾਇਤ ਵਿੱਚ ਪੁਲੀਸ ਮੁਲਾਜ਼ਮ ਦੇ ਨਾਲ ਪੰਜ ਹੋਰਨਾਂ ਦੇ ਵੀ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ| ਪੁਲੀਸ ਅਧਿਕਾਰੀ ਜਸਪ੍ਰੀਤ ਸਿੰਘ ਨੇ ਕਿਹਾ ਕਿ ਇਹ ਸਭ ਕੁਝ ਪੁਲੀਸ ਵਲੋਂ ਕੀਤੀ ਜਾਣ ਵਾਲੀ ਪੜਤਾਲ ਦੌਰਾਨ ਸਾਹਮਣੇ ਆ ਜਾਵੇਗਾ| ਪਰ ਪਹਿਲਾਂ ਐਫਆਈਆਰ ਵਿੱਚ ਬਾਕੀ ਮੁਲਜ਼ਮਾਂ ਨੂੰ ਸ਼ਾਮਲ ਨਾ ਕਰਨ ਦੀ ਕਾਰਵਾਈ ਕਈ ਤਰ੍ਹਾਂ ਦੇ ਸ਼ੰਕੇ ਖੜ੍ਹੇ ਕਰ ਰਹੀ ਹੈ।
ਮੁਲਜ਼ਮ ਪੁਲੀਸ ਮੁਲਾਜ਼ਮ ਹਰਪ੍ਰਿੰਸਪਾਲ ਸਿੰਘ ਨੌਸ਼ਹਿਰਾ ਪੰਨੂੰਆਂ ਦਾ ਹੀ ਵਾਸੀ ਹੈ| ਮਾਮਲੇ ਦੇ ਜਾਂਚ ਅਧਿਕਾਰੀ ਜਸਪ੍ਰੀਤ ਸਿੰਘ ਨੇ ਕਿਹਾ ਕਿ ਮੁਲਜ਼ਮ ਨੂੰ ਗ਼ਿਫ਼ਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਨੇ, ਉਹ ਫ਼ਰਾਰ ਹੋ ਗਿਆ ਹੈ|