ਪੱਤਰ ਪ੍ਰੇਰਕ
ਪਠਾਨਕੋਟ, 6 ਨਵੰਬਰ
ਪਠਾਨਕੋਟ ਵਿੱਚ ਲੰਘੇ ਦਿਨ ਖੁੱਲ੍ਹੇ ਨਵੇਂ ਜੁੱਤੀਆਂ ਦੇ ਸ਼ੋਅਰੂਮ ਬਾਰੇ ਭਗਵਾਨ ਵਾਲਮੀਕਿ ਦੇ ਪੋਸਟਰ ’ਤੇ ਚਿਪਕਾਈ ਗਈ ਜੁੱਤੀਆਂ ਦੀ ਇਸ਼ਤਿਹਾਰੀ ਫਲੈਕਸ ਨੂੰ ਲੈ ਕੇ ਵਾਲਮੀਕਿ ਸਮਾਜ ਵੱਲੋਂ ਬੇਅਦਬੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਲਈ ਕੀਤੇ ਗਏ ਚੱਕਾ ਜਾਮ ਤੋਂ ਬਾਅਦ ਪੁਲੀਸ ਨੇ ਹਰਕਤ ਵਿੱਚ ਆਉਂਦਿਆਂ ਫਲੈਕਸ ਲਗਾਉਣ ਵਾਲੇ ਪੰਜ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਨੂੰ ਅੱਜ ਅਦਾਲਤ ’ਚ ਪੇਸ਼ ਕੀਤਾ ਗਿਆ।
ਥਾਣਾ ਮੁਖੀ ਦਵਿੰਦਰ ਕਾਸ਼ਨੀ ਨੇ ਦੱਸਿਆ ਕਿ ਲੰਘੇ ਦਿਨ ਮੁਹੱਲਾ ਗਾਂਧੀ ਵਾਸੀ ਦਿਨੇਸ਼ ਭੱਟੀ ਨੇ ਪੁਲੀਸ ਨੂੰ ਦੱਸਿਆ ਕਿ ਉਹ ਵਾਲਮੀਕਿ ਜੋਤ ਸਭਾ ਦਾ ਮੁਖੀ ਹੈ ਅਤੇ ਸ਼ਹਿਰ ਪਠਾਨਕੋਟ ਵਿੱਚ ਉਨ੍ਹਾਂ ਦੀ ਸੰਗਤ ਵੱਲੋਂ ਵਾਲਮੀਕਿ ਜੈਅੰਤੀ ਮੌਕੇ ਵੱਖ-ਵੱਖ ਥਾਵਾਂ ’ਤੇ ਭਗਵਾਨ ਵਾਲਮੀਕਿ ਦੇ ਪੋਸਟਰ ਲਗਾਏ ਗਏ ਸਨ। 5 ਨਵੰਬਰ ਨੂੰ ਭਗਵਾਨ ਵਾਲਮੀਕਿ ਸਮਾਜ ਵੱਲੋਂ ਲਗਾਏ ਗਏ ਫਲੈਕਸਾਂ ’ਤੇ ਕੁਝ ਵਿਅਕਤੀਆਂ ਨੇ ਆਪਣੀ ਕੰਪਨੀ ਦੇ ਜੁੱਤੀਆਂ ਵਾਲੇ ਪੋਸਟਰ ਲਗਾ ਦਿੱਤੇ, ਜਿਸ ਕਾਰਨ ਵਾਲਮੀਕਿ ਸਮਾਜ ਵਿੱਚ ਡੂੰਘਾ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਕਤ ਵਿਅਕਤੀਆਂ ਨੇ ਪੋਸਟਰ ਲਗਾ ਕੇ ਭਗਵਾਨ ਵਾਲਮੀਕਿ ਅਤੇ ਵਾਲਮੀਕਿ ਸਮਾਜ ਦਾ ਨਿਰਾਦਰ ਕੀਤਾ ਹੈ। ਥਾਣਾ ਮੁਖੀ ਨੇ ਅੱਗੇ ਦੱਸਿਆ ਕਿ ਜਥੇਬੰਦੀ ਦੇ ਆਗੂ ਦਿਨੇਸ਼ ਭੱਟੀ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਡਿਵੀਜ਼ਨ ਨੰਬਰ-1 ਵਿੱਚ ਪੰਜ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਪਵਨ ਕੁਮਾਰ ਤੇ ਅਭਿਸ਼ੇਕ ਵਾਸੀ ਮੁਹੱਲਾ ਗਾਂਧੀ ਨਗਰ, ਆਨੰਦਪੁਰ ਰੋਡ ਵਾਸੀ ਸੰਦੀਪ ਕੁਮਾਰ, ਸਰਾਈਂ ਮੁਹੱਲਾ ਵਾਸੀ ਯੋਗੇਸ਼, ਗਾਂਧੀ ਨਗਰ ਵਾਸੀ ਮਦਨ ਮੋਹਨ ਸ਼ਾਮਲ ਹਨ।