ਐੱਨ. ਪੀ. ਧਵਨ
ਪਠਾਨਕੋਟ, 3 ਨਵੰਬਰ
ਜ਼ਿਲ੍ਹਾ ਭਾਜਪਾ ਵੱਲੋਂ ਦੀਵਾਲੀ ਮੌਕੇ ਸ਼ਹਿਰ ਵਾਸੀਆਂ ਨੂੰ ਵਧਾਈ ਦੇਣ ਲਈ ਵੱਖ ਵੱਖ ਥਾਵਾਂ ’ਤੇ ਲਗਾਏ ਗਏ ਹੋਰਡਿੰਗਜ਼ ਅਤੇ ਫਲੈਕਸ ਸਮਾਜ-ਵਿਰੋਧੀ ਅਨਸਰਾਂ ਵੱਲੋਂ ਪਾੜ ਦਿੱਤੇ ਗਏ ਹਨ। ਇਸ ਕਾਰਨ ਭਾਜਪਾ ਆਗੂਆਂ ਵਿੱਚ ਡੂੰਘਾ ਰੋਸ ਪਾਇਆ ਜਾ ਰਿਹਾ ਹੈ।
ਭਾਜਪਾ ਆਗੂਆਂ ਅਨੁਸਾਰ ਬੀਤੇ ਦਿਨ ਸ਼ਹਿਰ ਵਿੱਚ ਕੁੱਝ ਸਥਾਨਾਂ ’ਤੇ ਫਲੈਕਸਾਂ ਪਾੜ ਦਿੱਤੀਆਂ ਗਈਆਂ। ਇਸੇ ਤਰ੍ਹਾਂ ਬੀਤੇ ਕੱਲ੍ਹ ਸਥਾਨਕ ਬੱਸ ਸਟੈਂਡ ’ਤੇ ਵੀ ਕੁੱਝ ਨੌਜਵਾਨਾਂ ਨੇ ਪਾਰਟੀ ਦਾ ਹੋਰਡਿੰਗ ਉਤਾਰ ਦਿੱਤਾ। ਇਸੇ ਦੌਰਾਨ ਇੱਕ ਮੀਡੀਆ ਮੁਲਾਜ਼ਮ ਨੇ ਫਲੈਕਸ ਪਾੜ ਰਹੇ 3 ਨੌਜਵਾਨਾਂ ਨੂੰ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ। ਮੀਡੀਆ ਮੁਲਾਜ਼ਮ ਨੂੰ ਦੇਖਦੇ ਹੀ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ। ਹੋਰਡਿੰਗਜ਼ ਪਾੜੇ ਜਾਣ ਦੀ ਘਟਨਾ ਪੂਰੇ ਸ਼ਹਿਰ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਅਸ਼ਵਨੀ ਸ਼ਰਮਾ ਨੇ ਸਖ਼ਤ ਕਾਰਵਾਈ ਮੰਗੀ
ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇਸ ਕਾਰਵਾਈ ’ਤੇ ਆਪਣੀ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਕਿਹਾ ਕਿ ਅਜਿਹੀ ਘਿਨੌਣੀ ਰਾਜਨੀਤੀ ਅੱਜ ਤੱਕ ਉਨ੍ਹਾਂ ਪਠਾਨਕੋਟ ਵਿੱਚ ਨਹੀਂ ਦੇਖੀ ਸੀ। ਉਨ੍ਹਾਂ ਕਿਹਾ ਕਿ ਰਾਜਨੀਤੀ ਇੰਨੇ ਪੱਧਰ ਤੱਕ ਡਿੱਗ ਜਾਵੇਗੀ, ਉਨ੍ਹਾਂ ਨੂੰ ਅਜਿਹੀ ਉਮੀਦ ਨਹੀਂ ਸੀ। ਉਨ੍ਹਾਂ ਕਿਹਾ ਕਿ ਪਠਾਨਕੋਟ ਵਿੱਚ ਪਹਿਲਾਂ ਵੀ ਕਈ ਵਾਰ ਸੱਤਾ ਪਰਿਵਰਤਨ ਹੁੰਦਾ ਰਿਹਾ ਹੈ ਅਤੇ ਇਸ ਤਰ੍ਹਾਂ ਦਾ ਵਾਤਾਵਰਣ ਕਦੇ ਨਹੀਂ ਦੇਖਣ ਨੂੰ ਮਿਲਿਆ ਜੋ ਮੌਜੂਦਾ ਸਮੇਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜੋ ਲੋਕ ਇਸ ਕਾਰਵਾਈ ਦੇ ਪਿੱਛੇ ਹਨ ਅਤੇ ਪਠਾਨਕੋਟ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ, ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।