ਪੱਤਰ ਪ੍ਰੇਰਕ
ਪਠਾਨਕੋਟ, 24 ਅਪਰੈਲ
ਅਗਾਮੀ ਮਹੀਨੇ ਸਕੂਲਾਂ ਅਤੇ ਕਾਲਜਾਂ ਵਿੱਚ ਹੋਣ ਵਾਲੀਆਂ ਛੁੱਟੀਆਂ ਦੇ ਮੱਦੇਨਜ਼ਰ ਉੱਤਰ ਪ੍ਰਦੇਸ਼, ਬਿਹਾਰ ਅਤੇ ਹੋਰ ਰਾਜਾਂ ਵਿੱਚ ਜਾਣ ਵਾਲੇ ਯਾਤਰੀਆਂ ਲਈ ਸੀਟ ਨੂੰ ਲੈ ਕੇ ਇੱਕ ਵਾਰ ਫਿਰ ਮਾਰਾਮਾਰੀ ਦੀ ਸਥਿਤੀ ਪੈਦਾ ਹੋ ਗਈ ਹੈ। ਜੰਮੂ ਤਵੀ, ਕਟਰਾ ਤੋਂ ਪਠਾਨਕੋਟ ਰਸਤੇ ਜਾਣ ਵਾਲੀਆਂ ਲੰਬੀ ਦੂਰੀ ਦੀਆਂ ਰੇਲ ਗੱਡੀਆਂ ਅਗਾਮੀ ਇੱਕ ਮਹੀਨੇ ਤੱਕ ਫੁੱਲ ਹੋ ਗਈਆਂ ਹਨ। ਅਜਿਹੇ ਵਿੱਚ ਕਈ ਲੋਕਾਂ ਨੂੰ ਆਪਣਾ ਸਮਾਗਮ ਤਬਦੀਲ ਕਰਨਾ ਪੈ ਰਿਹਾ ਹੈ। ਹੁਣ ਸਿਰਫ ਯਾਤਰੀਆਂ ਨੂੰ ਤਤਕਾਲ ਵਿੱਚ ਹੀ ਸੀਟ ਦੀ ਰਿਜ਼ਰਵੇਸ਼ਨ ਉਪਰ ਨਿਰਭਰ ਰਹਿਣਾ ਪੈ ਰਿਹਾ ਹੈ।
ਜਾਣਕਾਰੀ ਅਨੁਸਾਰ ਕਟਰਾ ਤੋਂ ਵਾਇਆ ਪਠਾਨਕੋਟ ਡਾ. ਅੰਬੇਦਕਰ ਨਗਰ ਜਾਣ ਵਾਲੀ ਮਾਲਵਾ ਸੁਪਰਫਾਸਟ ਵਿੱਚ 20 ਮਈ ਤੱਕ ਸਲੀਪਰ ਕਲਾਸ ਵਿੱਚ ਵੇਟਿੰਗ ਹੈ। ਇਸੇ ਤਰ੍ਹਾਂ ਜੰਮੂ ਤਵੀ ਤੋਂ ਪੂਨੇ ਜਾਣ ਵਾਲੀ ਜਿਹਲਮ ਐਕਸਪ੍ਰੈਸ ਵਿੱਚ 8 ਮਈ ਤੱਕ, ਜੰਮੂ ਤਵੀ ਤੋਂ ਜੈਸਲਮੇਰ ਜਾਣ ਵਾਲੀ ਸ਼ਾਲੀਮਾਰ ਐਕਸਪ੍ਰੈਸ ਵਿੱਚ 10 ਮਈ ਤੱਕ, ਜੰਮੂ ਤਵੀ ਤੋਂ ਦਿੱਲੀ ਜਾਣ ਵਾਲੀ ਪੂਜਾ ਸੁਪਰਫਾਸਟ ਵਿੱਚ 10 ਮਈ ਤੱਕ, ਕਟਰਾ ਤੋਂ ਰਿਸ਼ੀਕੇਸ਼ ਜਾਣ ਵਾਲੀ ਹੇਮਕੁੰਟ ਐਕਸਪ੍ਰੈਸ ਵਿੱਚ 10 ਮਈ ਤੱਕ, ਜੰਮੂ ਤਵੀ ਤੋਂ ਰਾਜਿੰਦਰ ਨਗਰ ਜਾਣ ਵਾਲੀ ਅਰਚਨਾ ਸੁਪਰਫਾਸਟ ਵਿੱਚ 20 ਮਈ ਤੱਕ ਸਲੀਪਰ ਕਲਾਸ ਪੂਰੀ ਤਰ੍ਹਾਂ ਫੁੱਲ ਹੈ। ਅੰਮ੍ਰਿਤਸਰ ਤੋਂ ਦੇਸ਼ ਦੇ ਵੱਖ-ਵੱਖ ਰਾਜਾਂ ਲਈ ਰੋਜ਼ਾਨਾ ਕਰੀਬ 32 ਰੇਲ ਗੱਡੀਆਂ ਚਲਦੀਆਂ ਹਨ ਪਰ 15 ਮਈ ਤੱਕ ਲਗਪਗ ਸਾਰੀਆਂ ਫੁੱਲ ਹਨ। ਅੰਮ੍ਰਿਤਸਰ ਤੋਂ ਮੁੰਬਈ ਸੈਂਟਰਲ ਜਾਣ ਵਾਲੀ ਗੋਲਡਨ ਟੈਂਪਲ ਵਿੱਚ 20 ਮਈ ਤੱਕ, ਅੰਮ੍ਰਿਤਸਰ ਤੋਂ ਹਾਜੀਪੁਰ ਜਾਣ ਵਾਲੀ ਸਰਯੂ ਯਮੁਨਾ ਐਕਸਪ੍ਰੈਸ ਵਿੱਚ 8 ਮਈ ਤੱਕ ਅਤੇ ਅੰਮ੍ਰਿਤਸਰ ਤੋਂ ਡਬਿਰੂਗੜ੍ਹ ਜਾਣ ਵਾਲੀ ਡਬਿਰੂਗੜ ਐਕਸਪ੍ਰੈਸ 15 ਮਈ ਤੱਕ ਫੁੱਲ ਹੈ।