ਸਿਮਰਤ ਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 22 ਜੂਨ
ਫੂਡ ਸਪਲਾਈ ਦਫ਼ਤਰ ਵਿੱਚ ਸਰਕਾਰ ਵੱਲੋਂ ਬੀਪੀਐੱਲ ਕਾਰਡਾਂ ਤਹਿਤ ਕਣਕ ਨਾ ਮਿਲਣ ਸਬੰਧੀ ਪਤਾ ਕਰਨ ਗਈਆਂ ਮਹਿਲਾਵਾਂ ਨਾਲ ਉੱਥੋਂ ਦੇ ਇੱਕ ਇੰਸਪੈਕਟਰ ਵੱਲੋਂ ਕੀਤੇ ਕਥਿਤ ਦੁਰਵਿਹਾਰ ਕਾਰਨ ਇਲਾਕੇ ਦੀਆਂ ਕਈ ਸੰਸਥਾਵਾਂ ਵੱਲੋਂ ਫੂਡ ਸਪਲਾਈ ਦਫ਼ਤਰ ਦੇ ਬਾਹਰ ਮੁਜ਼ਾਹਰਾ ਕੀਤਾ ਗਿਆ। ਡੈਮੋਕ੍ਰੇਟਿਕ ਮੁਲਾਜ਼ਮ ਜਥੇਬੰਦੀ ਦੇ ਜਨਰਲ ਸਕੱਤਰ ਜਰਮਨਜੀਤ ਸਿੰਘ ਨੇ ਦੋਸ਼ ਲਾਇਆ ਕਿ ਫੂਡ ਸਪਲਾਈ ਵਿਭਾਗ ਜੰਡਿਆਲਾ ਗੁਰੂ ਦੇ ਦਫ਼ਤਰ ਵਿੱਚ ਤਾਇਨਾਤ ਇੱਕ ਇੰਸਪੈਕਟਰ ਨੇ ਉੱਥੇ ਪਹੁੰਚੀਆਂ ਮਹਿਲਾਵਾਂ ਨਾਲ ਉੱਥੇ ਮੌਜੂਦ ਦੁਰਵਿਹਾਰ ਕੀਤਾ। ਇਸ ਮਾਮਲੇ ਨੂੰ ਲੈ ਕੇ ਕਿਰਤੀ ਕਿਸਾਨ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ, ਮਿਡ ਡੇ ਮੀਲ ਯੂਨੀਅਨ ਅਤੇ ਡੀਐੱਮਐੱਫ ਮੁਲਾਜ਼ਮ ਜਥੇਬੰਦੀਆਂ ਨੇ ਮਿਲ ਕੇ ਧਰਨਾ ਦਿੱਤਾ ਅਤੇ ਵਿਭਾਗ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
ਉਨ੍ਹਾਂ ਦੱਸਿਆ ਇਸ ਮੌਕੇ ਏਐੱਫਐੱਸਓ ਅਰਸ਼ਦੀਪ ਵੱਲੋਂ ਦੋਵਾਂ ਪੱਖਾਂ ਨੂੰ ਬੁਲਾ ਕੇ ਇੰਸਪੈਕਟਰ ਵੱਲੋਂ ਆਪਣੀ ਗਲਤੀ ਮੰਨ ਲਏ ਜਾਣ ਤੋਂ ਬਾਅਦ ਮਾਮਲੇ ਨੂੰ ਸ਼ਾਂਤ ਕੀਤਾ। ਏਐੱਫਐੱਸਓ ਵੱਲੋਂ ਉੱਥੇ ਮੌਜੂਦ ਜਥੇਬੰਦੀਆਂ ਦੇ ਵਰਕਰਾਂ ਨੂੰ ਵਿਸ਼ਵਾਸ ਦਿੱਤਾ ਗਿਆ ਕਿ ਕਾਰਡ ਕੱਟੇ ਜਾਣ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਸਰਕਾਰ ਵੱਲੋਂ ਨਿਰਦੇਸ਼ ਜਾਰੀ ਹੋਏ ਹਨ, ਜਿਨ੍ਹਾਂ ਦੇ ਕਾਰਡ ਕੱਟੇ ਗਏ ਹਨ ਉਨ੍ਹਾਂ ਨੂੰ ਕਣਕ ਮਿਲੇਗੀ ਅਤੇ ਇਸ ਲਈ ਇੰਸਪੈਕਟਰ ਦੀ ਡਿਊਟੀ ਲਗਾਉਣਗੇ ਅਤੇ ਜ਼ਮੀਨੀ ਪੱਧਰ ਉੱਪਰ ਇਹ ਜਾਂਚ ਕੀਤੀ ਜਾਵੇਗੀ ਕਿ ਸਹੀ ਲਾਭਪਾਤਰੀ ਕੌਣ ਹਨ।