ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 15 ਸਤੰਬਰ
ਸਿਹਤ ਵਿਭਾਗ ਦੀ ਟੀਮ ਵੱਲੋਂ ਕਸਬਾ ਗੋਇੰਦਵਾਲ ਸਾਹਿਬ ਵਿੱਚ ਸਥਿਤ ਵੱਖ ਵੱਖ ਦੁਕਾਨਾਂ ’ਤੇ ਛਾਪੇ ਮਾਰੋ ਗਏ ਤੇ ਖਾਣ ਪੀਣ ਦੇ ਸਾਮਾਨ ਵਾਲੀਆਂ ਅੱਧੀ ਦਰਜਨ ਦੁਕਾਨਾਂ ਦੀ ਜਾਂਚ ਕਰਕੇ ਖਾਣ ਪੀਣ ਦੀਆਂ ਵਸਤੂਆਂ ਦੇ ਸੈਂਪਲ ਭਰੇ ਗਏ। ਸਿਹਤ ਵਿਭਾਗ ਦੀ ਦਸਤਕ ਦੌਰਾਨ ਇਲਾਕੇ ਵਿੱਚ ਮੌਜੂਦ ਕਈ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰਕੇ ਰਫੂ ਚੱਕਰ ਹੋ ਗਏ। ਜ਼ਿਲ੍ਹਾ ਸਿਹਤ ਅਫਸਰ ਡਾ. ਸੁਖਬੀਰ ਕੌਰ ਔਲਖ ਨੇ ਦੱਸਿਆ ਕਿ ਸਿਹਤ ਮੰਤਰੀ ਪੰਜਾਬ ਦੇ ਹੁਕਮਾਂ ਅਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ’ਤੇ ਕਾਰਵਾਈ ਕਰਦੇ ਹੋਏ ਸ੍ਰੀ ਗੋਇੰਦਵਾਲ ਸਾਹਿਬ ਵਿੱਚ ਵੱਖ ਵੱਖ ਦੁਕਾਨਾਂ ਜਿਨ੍ਹਾਂ ਵਿੱਚ ਹਲਵਾਈ, ਡੇਅਰੀ, ਕਰਿਆਨਾ ਆਦਿ ਸ਼ਾਮਲ ਹਨ, ਦੀ ਚੈਕਿੰਗ ਕੀਤੀ ਗਈ ਹੈ ਅਤੇ 6 ਦੁਕਾਨਾਂ ਤੋਂ ਖਾਣ ਪੀਣ ਦੀਆਂ ਵਸਤੂਆਂ ਦੇ ਸੈਂਪਲ ਭਰੇ ਗਏ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਤੇਲ, ਮਿਠਾਈਆਂ ਤੇ ਦੁੱਧ ਨਾਲ ਬਣੇ ਪਦਾਰਥਾਂ ਦੇ ਸੈਂਪਲ ਲੈ ਕੇ ਲੈਬਾਰਟਰੀ ਵਿੱਚ ਜਾਂਚ ਲਈ ਭੇਜ ਦਿੱਤੇ ਗਏ ਹਨ। ਜਿਸ ਦੀ ਰਿਪੋਰਟ ਆਉਣ ਮਗਰੋਂ ਸਬੰਧਤ ਦੁਕਾਨਦਾਰ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।