ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 9 ਮਾਰਚ
ਥਾਣਾ ਜੰਡਿਆਲਾ ਗੁਰੂ ਵਿੱਚ ਬੀਤੇ ਕੁਝ ਦਿਨ ਪਹਿਲਾਂ ਅਕਾਲੀ ਆਗੂ ਅਤੇ ਨਗਰ ਕੌਂਸਲ ਜੰਡਿਆਲਾ ਗੁਰੂ ਦੇ ਸਾਬਕਾ ਪ੍ਰਧਾਨ ਐਡਵੋਕੇਟ ਰਾਜ ਕੁਮਾਰ ਮਲਹੋਤਰਾ ਖ਼ਿਲਾਫ਼ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਵੱਲੋਂ ਐੱਸਸੀ/ਐੱਸਟੀ ਐਕਟ ਤੇ ਧਾਰਾ 294 ਤਹਿਤ ਦਰਜ ਕਰਵਾਏ ਗਏ ਇਕ ਮਾਮਲੇ ਵਿਚ ਅਦਾਲਤ ਨੇ ਐਡਵੋਕੇਟ ਮਲਹੋਤਰਾ ਨੂੰ ਜ਼ਮਾਨਤ ਦੇ ਦਿੱਤੀ ਹੈ। ਇਸ ਤੋਂ ਇਲਾਵਾ ਇਸ ਮਾਮਲੇ ਦੀ ਜਾਂਚ ਅਧਿਕਾਰੀ ਨੂੰ ਰਿਕਾਰਡ ਸਣੇ ਪੇਸ਼ ਹੋਣ ਲਈ ਕਿਹਾ ਗਿਆ ਅਤੇ ਇਸ ਕੇਸ ਦੀ ਸੁਣਵਾਈ ਹੁਣ 16 ਮਾਰਚ ਨੂੰ ਹੋਵੇਗੀ।
ਇਸ ਮਾਮਲੇ ਬਾਰੇ ਐਡਵੋਕੇਟ ਰਾਜ ਕੁਮਾਰ ਮਲਹੋਤਰਾ ਨੇ ਦੱਸਿਆ ਕਿ ਵਿਧਾਇਕ ਵੱਲੋਂ ਦਰਜ ਕਰਵਾਏ ਗਏ ਇਕ ਕੇਸ ਤਹਿਤ ਕੋਰਟ ਵਿਚ ਜ਼ਮਾਨਤ ਲਈ ਅਰਜ਼ੀ ਇਸੇ ਆਧਾਰ ’ਤੇ ਲਗਾਈ ਗਈ ਸੀ ਕਿ ਉਨ੍ਹਾਂ ਨੂੰ ਸੁਖਵਿੰਦਰ ਸਿੰਘ ਡੈਨੀ ਵੱਲੋਂ ਧਮਕੀ ਦਿੱਤੀ ਗਈ ਹੈ ਕਿ ਉਹ ਉਸ ਦੀ ਪਾਰਟੀ ਦੀ ਸ਼ਰਨ ਵਿਚ ਆਉਣ ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਰਹਿਣ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਧੀਕ ਸੈਸ਼ਨ ਜੱਜ ਅੰਮ੍ਰਿਤਸਰ ਦਰਬਾਰੀ ਲਾਲ ਨੇ ਕਿਹਾ ਕਿ ਸ਼ਿਕਾਇਤਕਰਤਾ ਨੇ ਐੱਫਆਈਆਰ ਵਿੱਚ ਦਰਜ ਆਪਣੀ ਜਾਤੀ ਬਾਰੇ ਜਾਣਕਾਰੀ ਨਹੀਂ ਦਿੱਤੀ ਹੈ। ਉਨ੍ਹਾਂ ਇਸ ਸਬੰਧ ਵਿਚ ਬੰਬੇ ਹਾਈ ਕੋਰਟ ਦੇ ਪੁਰਾਣੇ ਫ਼ੈਸਲੇ ਦਾ ਹਵਾਲਾ ਵੀ ਦਿੱਤਾ, ਜਿਸ ਦੇ ਆਧਾਰ ’ਤੇ ਰਾਜ ਕੁਮਾਰ ਮਲਹੋਤਰਾ ਨੂੰ ਅਗਾਊਂ ਜ਼ਮਾਨਤ ਦਿੱਤੀ ਗਈ।