ਸਰਬਜੀਤ ਸਾਗਰ
ਦੀਨਾਨਗਰ, 11 ਨਵੰਬਰ
ਸ਼ਹਿਰ ਦੇ ਮੁਹੱਲਾ ਬੇਰੀਆਂ ਵਿੱਚ ਕਥਿਤ ਦੂਸ਼ਿਤ ਪਾਣੀ ਪੀਣ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਹੈ ਜਦਕਿ ਦਰਜਨਾਂ ਲੋਕ ਬਿਮਾਰ ਹਨ ਜੋ ਵੱਖ-ਵੱਖ ਹਸਪਤਾਲਾਂ ਤੇ ਪ੍ਰਾਈਵੇਟ ਡਾਕਟਰਾਂ ਕੋਲੋਂ ਇਲਾਜ ਕਰਵਾ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਐਨੀਆਂ ਮੌਤਾਂ ਹੋਣ ਦੇ ਬਾਵਜੂਦ ਵਾਟਰ ਸਪਲਾਈ ਤੇ ਸਿਹਤ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਹੈ।
ਜਾਣਕਾਰੀ ਮੁਤਾਬਕ ਬੀਤੀ 9 ਨਵੰਬਰ ਨੂੰ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਦੋ ਹੋਰ ਜਣੇ ਕੁਝ ਦਿਨ ਪਹਿਲਾਂ ਚੱਲ ਵਸੇ। ਮ੍ਰਿਤਕਾਂ ਦੀ ਪਛਾਣ ਮਨੋਹਰ ਲਾਲ, ਬਾਬਾ ਫੱਕਰ ਗਿਰੀ, ਬਲਰਾਮ ਉਰਫ਼ ਭੋਲਾ ਰਾਮ ਅਤੇ ਕਮਲਾ ਪਤਨੀ ਨਿਆਮਤ ਮਸੀਹ ਵਜੋਂ ਹੋਈ ਹੈ। ਇਨ੍ਹਾਂ ਤੋਂ ਇਲਾਵਾ ਇੱਕ ਦਰਜਨ ਤੋਂ ਜ਼ਿਆਦਾ ਵੱਖ-ਵੱਖ ਘਰਾਂ ਦੇ ਵੱਡੀ ਗਿਣਤੀ ਪਰਿਵਾਰਕ ਮੈਂਬਰ ਪੇਟ ਖ਼ਰਾਬ ਤੇ ਟੱਟੀਆਂ ਤੇ ਉਲਟੀਆਂ ਦੀ ਬਿਮਾਰੀ ਨਾਲ ਪੀੜਤ ਹਨ। ਮੁਹੱਲਾ ਵਾਸੀ ਗੁਰਜੀਤ ਸਿੰਘ, ਜਤਿੰਦਰ ਕੁਮਾਰ ਗੋਰਾ, ਰੋਸ਼ਨ ਲਾਲ ਅਤੇ ਸ਼ਸ਼ੀ ਕੁਮਾਰ ਬਾਬਾ ਗਿਰੀ ਨੇ ਦੋਸ਼ ਲਾਇਆ ਕਿ ਵਾਟਰ ਸਪਲਾਈ ਦਾ ਕਥਿਤ ਦੂਸ਼ਿਤ ਪਾਣੀ ਪੀਣ ਨਾਲ ਪਹਿਲਾਂ ਤਾਂ ਪੇਟ ਖ਼ਰਾਬ ਹੁੰਦਾ ਹੈ ਅਤੇ ਫਿਰ ਟੱਟੀਆਂ-ਉਲਟੀਆਂ ਸਮੇਤ ਹੋਰ ਦਿੱਕਤਾਂ ਆਉਂਦੀਆਂ ਹਨ ਜਿਸ ਕਾਰਨ ਮੁਹੱਲੇ ਦੇ ਚਾਰ ਜੀਅ ਮਾਰੇ ਗਏ ਹਨ ਅਤੇ ਕਈ ਹੋਰ ਗੰਭੀਰ ਬਿਮਾਰ ਹਨ। ਉਨ੍ਹਾਂ ਦੱਸਿਆ ਕਿ ਵਾਟਰ ਸਪਲਾਈ ਦੀਆਂ ਘਰਾਂ ਨੂੰ ਜਾਂਦੀਆਂ ਪਾਈਪਾਂ ਕਈ ਸਾਲ ਪੁਰਾਣੀਆਂ ਹੋਣ ਕਾਰਨ ਲੀਕੇਜ ਵਧ ਚੁੱਕੀ ਹੈ ਅਤੇ ਇਸ ਪਾਣੀ ਵਿੱਚ ਸੀਵਰੇਜ ਦਾ ਗੰਦਾ ਪਾਣੀ ਮਿਕਸ ਹੋ ਕੇ ਲੋਕਾਂ ਦੇ ਘਰਾਂ ਵਿੱਚ ਪਹੁੰਚ ਰਿਹਾ ਹੈ ਜਿਸਨੂੰ ਪੀਣ ਨਾਲ ਲੋਕ ਬਿਮਾਰ ਹੋ ਰਹੇ ਹਨ। ਸੀਪੀਆਈ ਦੇ ਹਲਕਾ ਇੰਚਾਰਜ ਸੁਭਾਸ਼ ਕੈਰੇ ਨੇ ਵਾਟਰ ਸਪਲਾਈ ਤੇ ਸਿਹਤ ਮਹਿਕਮੇ ਦੀ ਕਥਿਤ ਲਾਪਰਵਾਹੀ ਖ਼ਿਲਾਫ਼ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ ਹੈ।
ਪਾਣੀ ਦੇ ਸੈਂਪਲ ਠੀਕ ਹਨ, ਬਿਮਾਰੀ ਦੀ ਵਜਾ ਕੋਈ ਹੋਰ: ਐੱਸਡੀਓ
ਵਾਟਰ ਸਪਲਾਈ ਵਿਭਾਗ ਦੇ ਐੱਸਡੀਓ ਦੁਰਗਾ ਦਾਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਵੱਲੋਂ ਮੁਹੱਲੇ ਵਿੱਚ ਜਾ ਕੇ ਲਏ ਗਏ ਪਾਣੀ ਦੇ ਸੈਂਪਲ ਠੀਕ ਮਿਲੇ ਹਨ ਅਤੇ ਬਿਮਾਰੀ ਦੀ ਵਜਾ ਕੋਈ ਹੋਰ ਹੋ ਸਕਦੀ ਹੈ। ਦੂਜੇ ਪਾਸੇ ਵਿਭਾਗ ਦੇ ਜੇਈ ਰਾਜੂ ਮਸੀਹ ਨੇ ਮੰਨਿਆ ਕਿ ਪਾਈਪਾਂ ਬਹੁਤ ਜ਼ਿਆਦਾ ਪੁਰਾਣੀਆਂ ਹੋਣ ਕਾਰਨ ਲੀਕੇਜ਼ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦੇਖਣ ਮੁਤਾਬਕ ਲੋਕਾਂ ਦੇ ਨਿੱਜੀ ਕੁਨੈਕਸ਼ਨਾਂ ’ਚ ਨਾਲੀ ਦੇ ਗੰਦੇ ਪਾਣੀ ਦਾ ਰਲੇਵਾਂ ਹੋ ਸਕਦਾ ਹੈ ਜਦਕਿ ਪੰਪ ਤੋਂ ਪਾਣੀ ਬਿਲਕੁਲ ਸਾਫ਼ ਆ ਰਿਹਾ ਹੈ।