ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 1 ਨਵੰਬਰ
ਕੈਨੇਡਾ ਭੇਜਣ ਦੇ ਨਾਂ ’ਤੇ 9 ਲੱਖ 60 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਥਾਣਾ ਧਾਰੀਵਾਲ ਵਿੱਚ ਪੁਲੀਸ ਨੇ ਇਕ ਵਿਅਕਤੀ ਵਿਰੁੱਧ ਧਾਰਾ 420, 13 ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ 2014 ਤਹਿਤ ਕੇਸ ਦਰਜ ਕੀਤਾ ਹੈ। ਖਜਾਨ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਘੁੰਮਣ ਕਲਾਂ ਨੇ ਲਿਖਤੀ ਦਰਖਾਸਤ ਰਾਹੀਂ ਇਨਸਾਫ ਦੀ ਮੰਗ ਕਰਦਿਆਂ ਉੱਚ ਪੁਲੀਸ ਅਧਿਕਾਰੀਆਂ ਨੂੰ ਦੱਸਿਆ ਕਿ ਕੁਲਦੀਪ ਕੁਮਾਰ ਪੁੱਤਰ ਅਮਰਨਾਥ ਵਾਸੀ ਬੰਗਾ, ਥਾਣਾ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਉਸ (ਖਜਾਨ ਸਿੰਘ) ਨੂੰ ਵਿਦੇਸ਼ ਕੈਨੇਡਾ ਭੇਜਣ ਦੇ ਨਾਮ ’ਤੇ 9.60 ਲੱਖ ਰੁਪਏ ਲਏ ਸਨ। ਪੀੜਤ ਨੇ ਦੱਸਿਆ ਕਿ ਕੁਲਦੀਪ ਕੁਮਾਰ ਨੇ ਨਾ ਤਾਂ ਉਸ ਨੂੰ ਕੈਨੇਡਾ ਭੇਜਿਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ ਹਨ। ਉਸ ਨਾਲ ਕੁਲਦੀਪ ਕੁਮਾਰ ਨੇ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਮਾਰੀ ਹੈ। ਇਸ ਮਾਮਲੇ ਦੀ ਬਾਅਦ ਇਨਕੁਆਰੀ ਡੀਐੱਸਪੀ ਕੁਲਵਿੰਦਰ ਸਿੰਘ ਵਿਰਕ ਨੇ ਕਰਕੇ ਕੁਲਦੀਪ ਕੁਮਾਰ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।