ਅੰਮ੍ਰਿਤਸਰ: ਪੁਲੀਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਆਪਣੇ ਆਪ ਨੂੰ ਕੇਂਦਰੀ ਜਾਂਚ ਏਜਸੀ ਦਾ ਏਡੀਜੀਪੀ ਦੱਸ ਕੇ ਸਰਕਾਰੀ ਨੌਕਰੀ ਦਿਵਾਉਣ ਲਈ ਠੱਗੀ ਮਾਰ ਰਿਹਾ ਸੀ। ਮੁਲਜ਼ਮ ਦੀ ਸ਼ਨਾਖ਼ਤ ਪ੍ਰਵੀਨ ਕੁਮਾਰ, ਵਾਸੀ ਮਹਾਰਾਸ਼ਟਰ ਵਜੋਂ ਹੋਈ ਹੈ, ਜੋ ਇਸ ਵੇਲੇ ਛੇਹਰਟਾ ਇਲਾਕੇ ਦੀ ਭੱਲਾ ਕਲੋਨੀ ਵਿਚ ਰਹਿ ਰਿਹਾ ਸੀ। ਪੁਲੀਸ ਨੇ ਊਸ ਕੋਲੋਂ ਇਕ ਕਾਰ ਅਤੇ ਜਾਅਲੀ ਵਿਜ਼ਟਿੰਗ ਕਾਰਡ ਬਰਾਮਦ ਕੀਤੇ ਹਨ। ਇਸਲਾਮਾਬਾਦ ਥਾਣੇ ਵਿਚ ਊਸ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤ ਕਰਤਾ ਦਿਲਪ੍ਰੀਤ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਹ ਪ੍ਰਾਈਵੇਟ ਬੈਂਕ ਵਿਚ ਡਿਪਟੀ ਮੈਨੇਜਰ ਵਜੋਂ ਕੰਮ ਕਰਦਾ ਹੈ। ਪ੍ਰਵੀਨ ਕੁਮਾਰ ਉਸ ਕੋਲੋ ਕੇਂਦਰੀ ਜਾਂਚ ਏਜੰਸੀ ਦਾ ਏਡੀਜੀਪੀ ਬਣ ਕੇ ਆਇਆ ਸੀ ਤੇ ਕੇਂਦਰੀ ਖ਼ੁਫ਼ੀਆ ਏਜੰਸੀ ਵਿਚ ਇੰਸਪੈਕਟਰ ਦੀ ਨੌਕਰੀ ਦਿਵਾਉਣ ਦੇ ਨਾਂ ਹੇਠ ਉਸ ਕੋਲੋਂ ਇਕ ਲੱਖ 60 ਹਜ਼ਾਰ ਰੁਪਏ ਠੱਗੇ ਹਨ। ਏਐੱਸਆਈ ਜਗਦੀਪ ਸਿੰਘ ਨੇ ਆਖਿਆ ਕਿ ਮੁਲਜ਼ਮ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। -ਟ੍ਰਿਬਿਊਨ ਨਿਊਜ਼ ਸਰਵਿਸ