ਐਨਪੀ. ਧਵਨ
ਪਠਾਨਕੋਟ, 21 ਅਪਰੈਲ
ਰਾਜ ਸਰਕਾਰ ਵੱਲੋਂ ਇੱਕ ਜੁਲਾਈ ਤੋਂ ਸੂਬੇ ਦੇ ਹਰੇਕ ਘਰ ਨੂੰ 2 ਮਹੀਨਿਆਂ ਵਿੱਚ 600 ਯੂਨਿਟ ਮੁਫਤ ਬਿਜਲੀ ਦੇਣ ਦੀ ਘੋਸ਼ਣਾ ਕੀਤੀ ਗਈ ਹੈ। ਇਸ ਐਲਾਨ ਨਾਲ ਪਠਾਨਕੋਟ ਜ਼ਿਲ੍ਹੇ ਵਿੱਚ ਕਰੀਬ 34851 ਖ਼ਪਤਕਾਰਾਂ ਨੂੰ ਲਾਭ ਮਿਲੇਗਾ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ 1 ਜੁਲਾਈ ਤੋਂ 2 ਕਿਲੋਵਾਟ ਤੱਕ ਦੇ ਘਰੇਲੂ ਖ਼ਪਤਕਾਰਾਂ ਨੂੰ 600 ਯੂਨਿਟ ਮੁਫਤ ਦੇਣ ਦੇ ਐਲਾਨ ਬਾਅਦ ਜਿੰਨ੍ਹਾਂ ਉਪਭੋਗਤਾਵਾਂ ਦੇ 3 ਅਤੇ 4 ਕਿਲੋਵਾਟ ਦੇ ਕੁਨੈਕਸ਼ਨ ਹਨ, ਉਹ ਇੱਕ ਹੋਰ ਨਵਾਂ ਮੀਟਰ ਲਗਵਾਉਣ ਲਈ ਅਪਲਾਈ ਕਰਨ ਲੱਗੇ ਹਨ। ਪਿਛਲੇ ਇੱਕ ਹਫਤੇ ਅੰਦਰ ਹੀ ਪਠਾਨਕੋਟ ਦੀ ਅਰਬਨ ਅਤੇ ਸਬ ਅਰਬਨ ਡਿਵੀਜ਼ਨ ਵਿੱਚ 2 ਹਜ਼ਾਰ ਦੇ ਕਰੀਬ ਨਵੇਂ ਮੀਟਰਾਂ ਲਈ ਖ਼ਪਤਕਾਰਾਂ ਨੇ ਅਪਲਾਈ ਕੀਤਾ ਹੈ। ਵਿਭਾਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੀਟਰ ਲਗਾਉਣ ਤੋਂ ਪਹਿਲਾਂ 2 ਵੱਖੋ-ਵੱਖਰੇ ਸੈੱਟ ਹੋਣੇ ਜ਼ਰੂਰੀ ਹਨ ਭਾਵ ਵੱਖ ਵੱਖ ਕਮਰੇ, ਰਸੋਈ, ਬਾਥਰੂਮ ਵਗੈਰਾ ਤਾਂ ਜੋ ਮੀਟਰ ਲਗਾਉਂਦੇ ਸਮੇਂ ਕਿਸੇ ਕਿਸਮ ਦਾ ਕੋਈ ਝੰਜਟ ਨਾ ਰਹੇ। 2 ਕਿਲੋਵਾਟ ਵਾਲੇ ਨਵੇਂ ਖ਼ਪਤਕਾਰਾਂ ਨੂੰ ਤਦ ਹੀ ਨਵਾਂ ਮੀਟਰ ਲੱਗ ਸਕੇਗਾ ਜਦ ਉਸ ਦਾ ਪਿਛਲਾ ਸਾਰਾ ਬਕਾਇਆ ਕਲੀਅਰ ਹੋਵੇਗਾ। ਪਾਵਰਕੌਮ ਅਰਬਨ ਡਵੀਜ਼ਨ ਦੇ ਸੀਨੀਅਰ ਐਕਸੀਅਨ ਜਸਵਿੰਦਰ ਪਾਲ ਦਾ ਕਹਿਣਾ ਹੈ ਕਿ ਸਰਕਾਰ ਨੇ 1 ਜੁਲਾਈ ਤੋਂ 2 ਕਿਲੋਵਾਟ ਤੱਕ ਦੇ ਘਰੇਲੂ ਉਪਭੋਗਤਾਵਾਂ ਨੂੰ 2 ਮਹੀਨੇ ਵਿੱਚ 600 ਯੂਨਿਟ ਮੁਫਤ ਦੇਣ ਦੀ ਘੋਸ਼ਣਾ ਕੀਤੀ ਹੈ। ਉਨ੍ਹਾਂ ਕੋਲ ਅਜੇ ਇਸ ਨੋਟੀਫਿਕੇਸ਼ਨ ਨਹੀਂ ਆਈ ਪਰ ਡਵੀਜ਼ਨ ਪੱਧਰ ’ਤੇ 2 ਕਿਲੋਵਾਟ ਤੱਕ ਦੇ ਖ਼ਪਤਕਾਰਾਂ ਵੱਲ ਕਿੰਨਾ ਬਕਾਇਆ ਹੈ, ਦੀ ਡੀਟੇਲ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਤੋਂ ਬਕਾਏ ਲਏ ਜਾ ਸਕਣ।