ਪੱਤਰ ਪ੍ਰੇਰਕ
ਤਰਨ ਤਾਰਨ, 13 ਅਗਸਤ
ਆਜ਼ਾਦੀ ਦਿਵਸ ਮੌਕੇ ਇਥੇ ਕੀਤੇ ਜਾਣ ਵਾਲੇ ਜ਼ਿਲ੍ਹਾ ਪੱਧਰ ਦੇ ਸਮਾਗਮਾਂ ਲਈ ਅੱਜ ਕੀਤੀ ਗਈ ਫੁੱਲ ਡਰੈੱਸ ਰਿਹਰਸਲ ਦੌਰਾਨ ਡੀਸੀ ਮੋਨੀਸ਼ ਕੁਮਾਰ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਤੇ ਪਰੇਡ ਤੋਂ ਸਲਾਮੀ ਲਈ। ਜ਼ਿਲ੍ਹਾ ਪੁਲੀਸ ਮੁਖੀ ਰਣਜੀਤ ਸਿੰਘ ਢਿੱਲੋਂ ਵੀ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਮੌਕੇ ਪੰਜਾਬ ਪੁਲੀਸ, ਪੰਜਾਬ ਜੇਲ੍ਹ ਗਾਰਡ, ਪੰਜਾਬ ਹੋਮ ਗਾਰਡ, ਐੱਨਸੀਸੀ ਦੇ ਬੱਚਿਆਂ ਦੇ ਪੁਲੀਸ ਬੈਂਡ ਦੇ ਨਾਲ-ਨਾਲ ਸਕੂਲ ਬੈਂਡ ਦੀਆਂ ਟੀਮਾਂ ਨੇ ਪਰੇਡ ਵਿਚ ਹਿੱਸਾ ਲਿਆ। ਡੀਸੀ ਨੇ ਦੱਸਿਆ ਕਿ ਅਜ਼ਾਦੀ ਦਿਵਸ ਦੇ ਜਸ਼ਨਾਂ ਮੌਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਮੁੱਖ ਮਹਿਮਾਨ ਵਜੋਂ ਪੁੱਜਣਗੇ। ਇਸ ਮੌਕੇ ਏਡੀਸੀ ਜਗਵਿੰਦਰਜੀਤ ਸਿੰਘ ਗਰੇਵਾਲ, ਏਡੀਸੀ ਸਕੱਤਰ ਸਿੰਘ ਬੱਲ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਥਾਣਾ ਮੁਖੀ ਵੱਲੋਂ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ
ਕਾਹਨੂੰਵਾਨ (ਪੱਤਰ ਪ੍ਰੇਰਕ): ਆਜ਼ਾਦੀ ਦਿਵਸ ਨੂੰ ਲੈ ਕੇ ਸ਼ਹੀਦੀ ਪਾਰਕ ਦੀ ਸਫ਼ਾਈ ਕਰਕੇ ਹੋਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜਾਇਜ਼ਾ ਲੈਣ ਪਹੁੰਚੇ ਥਾਣਾ ਐੱਸਐੱਚਓ ਸੁਖਵਿੰਦਰ ਸਿੰਘ ਨੇ ਸਾਫ਼ ਸਫਾਈ ਉੱਤੇ ਤਸੱਲੀ ਪ੍ਰਗਟ ਕੀਤੀ। ਉਨ੍ਹਾਂ ਵੱਲੋਂ ਪਾਰਕ ਦੀਆਂ ਕੁੱਝ ਥਾਵਾਂ ਉੱਤੇ ਸਫ਼ੈਦੀ ਅਤੇ ਰੰਗ ਰੋਗਨ ਕਰਨ ਦੀ ਸਲਾਹ ਵੀ ਦਿੱਤੀ। ਕਾਹਨੂੰਵਾਨ ਦੇ ਸਰਪੰਚ ਅਫਤਾਬ ਸਿੰਘ ਵੱਲੋਂ ਪਾਰਕ ਵਿੱਚ ਸਾਫ਼ ਸਫ਼ਾਈ ਦਾ ਕੰਮ ਕਰਵਾਇਆ ਜਾ ਰਿਹਾ ਹੈ।