ਐੱਨਪੀ ਧਵਨ
ਪਠਾਨਕੋਟ, 4 ਜੂਨ
‘ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਵਿੱਚ ਗੈਂਗਸਟਰ ਕਲਚਰ ਸ਼ੁਰੂ ਹੋਇਆ ਹੈ। ਤਸਵੀਰਾਂ ਵਿੱਚ ਅਕਸਰ ਹੀ ਇਨ੍ਹਾਂ ਪਾਰਟੀਆਂ ਦੇ ਆਗੂਆਂ ਨੂੰ ਗੈਂਗਸਟਰਾਂ ਨਾਲ ਦੇਖਿਆ ਜਾ ਸਕਦਾ ਹੈ।’ ਇਹ ਗੱਲ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਵਿਧਾਨ ਸਭਾ ਹਲਕਾ ਭੋਆ ਦੇ ਵੱਖ-ਵੱਖ ਪਿੰਡਾਂ ਜਕਰੋਰ,ਚਸ਼ਮਾ, ਸੈਦੋਵਾਲ ਤੇ ਬੱਸੀਬਹਿਲਾਦਪੁਰ ਦੇ ਦੌਰੇ ਦੌਰਾਨ ਆਪਣੇ ਸੰਬੋਧਨ ਵਿੱਚ ਕਹੀ। ਕੈਬਨਿਟ ਮੰਤਰੀ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ਨੂੰ ਲੈ ਕੇ ਕਾਤਲਾਂ ਦੀ ਨਿੰਦਾ ਕੀਤੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਖੜ੍ਹੀ ਹੈ। ਵਿਰੋਧੀ ਪਾਰਟੀਆਂ ਦੇ ਜੋ ਆਗੂ ਆਮ ਆਦਮੀ ਪਾਰਟੀ ’ਤੇ ਉਂਗਲ ਉਠਾ ਰਹੇ ਹਨ, ਉਨ੍ਹਾਂ ਪਾਰਟੀਆਂ ਦੇ ਆਗੂ ਖੁਦ ਪਹਿਲਾਂ ਗੈਂਗਸਟਰਾਂ ਦੀ ਸੇਵਾ ਲੈਂਦੇ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿੱਚ ਅਮਨ ਸ਼ਾਂਤੀ ਅਤੇ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਹਨ। ਜਲਦੀ ਹੀ ਸਿੱਧੂ ਮੂਸੇਵਾਲਾ ਦੇ ਕਾਤਲ ਸਲਾਖਾਂ ਪਿੱਛੇ ਹੋਣਗੇ। ਜਕਰੋਰ ਪਿੰਡ ਦੇ ਸਰਪੰਚ ਬੂਟਾ ਰਾਮ ਨੇ ਮੰਤਰੀ ਤੋਂ ਮੰਗ ਕੀਤੀ ਕਿ ਡੇਢ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਲਦਪਾਲਵਾਂ ਟੌਲ ਪਲਾਜ਼ਾ ਉੱਪਰ ਪਿੰਡ ਵਾਸੀਆਂ ਦੇ ਵਾਹਨਾਂ ਨੂੰ ਲੰਘਣ ਦੀ ਛੋਟ ਦਿੱਤੀ ਜਾਵੇ। ਇਸ ਦੇ ਜਵਾਬ ਵਿੱਚ ਮੰਤਰੀ ਨੇ ਕਿਹਾ ਕਿ ਉਹ ਜਲਦੀ ਹੀ ਟੌਲ ਪਲਾਜ਼ਾ ਦੇ ਪ੍ਰਬੰਧਕਾਂ ਨਾਲ ਮੀਟਿੰਗ ਕਰਨਗੇ ਤੇ ਇਸ ਦਾ ਹੱਲ ਕੱਢਣਗੇ ਜਦ ਕਿ ਬਾਕੀ ਮੰਗਾਂ ਉਨ੍ਹਾਂ ਮੌਕੇ ਉਪਰ ਹੀ ਹੱਲ ਕਰ ਦਿੱਤੀਆਂ। ਉਨ੍ਹਾਂ ਜਕਰੋਰ ਪਿੰਡ ਦੇ ਸਰਪੰਚ ਨੂੰ ਡੇਢ ਕਿੱਲਾ ਪੰਚਾਇਤੀ ਜ਼ਮੀਨ ਪਿੰਡ ਦੇ ਨੌਜਵਾਨਾਂ ਲਈ ਖੇਡ ਦਾ ਮੈਦਾਨ ਬਣਾਉਣ ਲਈ ਦੇਣ ਦਾ ਨਿਰਦੇਸ਼ ਵੀ ਦਿੱਤਾ। ਇਸੇ ਦੌਰਾਨ ਸਟੇਟ ਪੈਨਸ਼ਨਰਜ਼ ਜਾਇੰਟ ਫਰੰਟ ਦੇ ਵਫਦ ਵੱਲੋਂ ਸੀਨੀਅਰ ਕਨਵੀਨਰ ਨਰੇਸ਼ ਕੁਮਾਰ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੇ ਪਹਿਲੇ ਬਜਟ ਲਈ ਇੱਕ ਸੁਝਾਅ ਪੱਤਰ ਮੰਤਰੀ ਨੂੰ ਦਿੱਤਾ ਗਿਆ ਜਿਸ ਵਿੱਚ ਪੰਜਾਬ ਦੀ ਹਾਸ਼ੀਏ ’ਤੇ ਪੁੱਜੀ ਅਰਥਵਿਵਸਥਾ ਦੇ ਸੁਧਾਰ ਲਈ ਸੁਝਾਅ ਦਿੱਤੇ ਗਏ।