ਐੱਨਪੀ ਧਵਨ
ਪਠਾਨਕੋਟ, 9 ਜੁਲਾਈ
ਪਿੰਡ ਜੱਖ ਜੁਗਿਆਲ ਵਿੱਚ ਪੰਜਾਬ ਸਰਕਾਰ ਵੱਲੋਂ ਬਣਾਈ ਹੋਈ ਜੀਓਜੀ ਟੀਮ ਨੀਲੇ ਰਾਸ਼ਨ ਕਾਰਡਾਂ ਦੀ ਜਾਂਚ ਲਈ ਜਦੋਂ ਪਿੰਡ ਵਿੱਚ ਪੁੱਜੀ ਤਾਂ ਟੀਮ ਨੂੰ ਪਿੰਡ ਵਾਸੀਆਂ ਅਤੇ ਪੰਚਾਇਤ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਜਾਂਚ ਵਿੱਚ ਸਹਿਯੋਗ ਨਾ ਮਿਲਣ ਤੇ ਟੀਮ ਨੂੰ ਬੇਰੰਗ ਮੁੜਨਾ ਪਿਆ।
ਪ੍ਰਦਰਸ਼ਨਕਾਰੀਆਂ ਵਿੱਚ ਸ਼ਾਮਲ ਸਰਪੰਚ ਰੀਤੂ ਬਾਲਾ, ਪੰਚ ਅਨੁਰਾਧਾ, ਜੋਤੀ ਬਾਲਾ, ਬਲਾਕ ਸਮਿਤੀ ਮੈਂਬਰ ਸੋਨੀਆ, ਸਰਪੰਚ ਮਦਨ ਲਾਲ, ਪ੍ਰਵੀਨ ਕੁਮਾਰ, ਮਮਤਾ ਦੇਵੀ, ਅਰਜਨ, ਸੁਰਿੰਦਰ, ਤੀਰਥ ਤੇ ਬੰਟੀ ਆਦਿ ਨੇ ਪੰਜਾਬ ਸਰਕਾਰ ਅਤੇ ਜੀਓਜੀ ਦੀ ਕਾਰਜਸ਼ੈਲੀ ’ਤੇ ਪ੍ਰਸ਼ਨ ਉਠਾਉਂਦਿਆਂ ਕਿਹਾ ਕਿ ਸਰਕਾਰ ਔਖੀ ਘੜੀ ਵਿੱਚ ਗਰੀਬ ਪਰਿਵਾਰਾਂ ਦਾ ਕੋਈ ਸਹਿਯੋਗ ਨਹੀਂ ਕਰ ਰਹੀ ਬਲਕਿ ਉਲਟਾ ਬਣੇ ਹੋਏ ਨੀਲੇ ਰਾਸ਼ਨ ਕਾਰਡਾਂ ਨੂੰ ਕੱਟਣ ਦਾ ਕੰਮ ਕਰ ਰਹੀ ਹੈ।
ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ਅਤੇ ਪੰਚਾਇਤ ਮੈਂਬਰਾਂ ਦਾ ਕਹਿਣਾ ਸੀ ਕਿ ਜਦ ਵੀ ਕਿਸੇ ਜੀਓਜੀ ਟੀਮ ਨੇ ਪਿੰਡ ਵਿੱਚ ਕਿਸੇ ਵੀ ਪ੍ਰਕਾਰ ਦੀ ਜਾਂਚ ਲਈ ਆਉਣਾ ਹੈ ਤਾਂ ਉਸ ਨੂੰ ਪਹਿਲਾਂ ਪੰਚਾਇਤ ਨੂੰ ਸੂਚਿਤ ਕਰਨਾ ਹੋਵੇਗਾ। ਉਨ੍ਹਾਂ ਐਲਾਨ ਕੀਤਾ ਕਿ ਉਹ ਕਿਸੇ ਵੀ ਯੋਗ ਨੀਲੇ ਰਾਸ਼ਨ ਕਾਰਡ ਨੂੰ ਨਹੀਂ ਕੱਟਣ ਦੇਣਗੇ। ਜੀਓਜੀ ਟੀਮ ਦੇ ਪ੍ਰਧਾਨ ਕੈਪਟਨ ਕਰਨ ਸਿੰਘ ਗੁਲੇਰੀਆ ਨੇ ਦੱਸਿਆ ਕਿ ਇਹ ਟੀਮ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰੇਕ ਪਿੰਡ ਦੇ ਨੀਲੇ ਰਾਸ਼ਨ ਕਾਰਡਾਂ ਦੀ ਜਾਂਚ ਲਈ ਭੇਜੀ ਜਾ ਰਹੀ ਹੈ। ਇਸ ਲਈ ਪੰਚਾਇਤ ਨੂੰ ਖੁਦ ਸਹਿਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਕੰਢੀ ਖੇਤਰ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਲੱਗਭੱਗ 15 ਟੀਮਾਂ ਦਾ ਗਠਨ ਕੀਤਾ ਗਿਆ ਹੈ।