ਪੱਤਰ ਪ੍ਰੇਰਕ
ਅੰਮ੍ਰਿਤਸਰ, 1 ਨਵੰਬਰ
ਲੋਕਾਂ ਨੂੰ ਪੋਲੀਓ ਤੋਂ ਮੁਕਤ ਕਰਨ ਲਈ ਅੱਜ ਸਿਵਲ ਸਰਜਨ ਡਾ. ਨਵਦੀਪ ਸਿੰਘ ਦੀ ਅਗਵਾਈ ਵਿਚ ਪਲਸ ਪੋਲੀਓ ਮੁਹਿੰਮ 2020 ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਆਟੋ ਰਿਕਸ਼ਾ ਰੈਲੀ ਨੂੰ ਹਰੀ ਝੰਡੀ ਦੇ ਕੇ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵੱਲ ਰਵਾਨਾ ਕੀਤਾ ਗਿਆ ਤਾਂ ਜੋ ਸ਼ਹਿਰ ਵਾਸੀਆਂ ਨੂੰ ਜਾਗਰੂਕ ਕੀਤਾ ਜਾ ਸਕੇ। ਇਸ ਮੌਕੇ ਡਿਪਟੀ ਡਾਇਰੈਕਟਰ ਡਾ. ਬਲਜੀਤ ਕੌਰ ਚੰਡੀਗੜ੍ਹ ਅਤੇ ਡੀਡੀਐਚਓ ਡਾ. ਸ਼ਰਨਜੀਤ ਕੌਰ ਸਿੱਧੂ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।
ਪਠਾਨਕੋਟ (ਪੱਤਰ ਪ੍ਰੇਰਕ): ਸਿਹਤ ਵਿਭਾਗ ਵਲੋਂ ਮਾਈਗਰੇਟਰੀ ਪਲਸ ਪੋਲੀਓ ਅਭਿਆਨ ਦੇ ਦੂਸਰੇ ਪੜਾਅ ਵਿੱਚ ਮਾਈਗਰੇਟਰੀ ਬੱਚਿਆਂ ਨੂੰ ਪਿਲਾਈ ਜਾਣ ਵਾਲੀਆਂ ਪੋਲੀਓ ਬੂੰਦਾਂ ਦੀ ਸਮੀਖਿਆ ਲਈ ਚੰਡੀਗੜ੍ਹ ਤੋਂ ਡਿਪਟੀ ਡਾਇਰੈਕਟਰ ਡਾ. ਓਮ ਪ੍ਰਕਾਸ਼ ਪੁੱਜੇ ਅਤੇ ਉਨ੍ਹਾਂ ਜ਼ਿਲ੍ਹਾ ਪਠਾਨਕੋਟ ਦੇ ਅਲੱਗ-ਅਲੱਗ ਪਿੰਡਾਂ ਅਤੇ ਭੱਠਿਆਂ, ਝੁੱਗੀਆਂ-ਝੌਂਪੜੀਆਂ ਵਿੱਚ ਜਾ ਕੇ ਪੋਲੀਓ ਅਭਿਆਨ ਦੀ ਸਮੀਖਿਆ ਕੀਤੀ। ਇਸ ਦੌਰਾਨ ਉਨ੍ਹਾਂ ਪਿੰਡ ਤਲਵਾੜਾ ਗੁਜਰਾਂ ਸਥਿਤ ਇੱਟਾਂ ਦੇ ਭੱਠੇ ’ਤੇ ਕੰਮ ਕਰਨ ਵਾਲੇ ਮਜ਼ਦੂਰਾਂ ਦੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਬੂੰਦਾਂ ਪਿਲਾਏ ਜਾਣ ਦਾ ਨਿਰੀਖਣ ਕੀਤਾ।
ਹੁਸ਼ਿਆਰਪੁਰ (ਪੱਤਰ ਪ੍ਰੇਰਕ): 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਪੋਲੀਓ ਦਵਾਈ ਪਿਲਾਉਣ ਲਈ ਸ਼ੁਰੂ ਕੀਤੀ ਪਲਸ ਪੋਲੀਓ ਦੀ ਸ਼ੁਰੂਆਤ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਮੁਹੱਲਾ ਰਾਮ ਨਗਰ ਪੁਰਹੀਰਾਂ ਤੋਂ ਇਕ ਬੱਚੇ ਨੂੰ ਦਵਾਈ ਪਿਲਾ ਕੇ ਕੀਤੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਨਵੰਬਰ 2011 ਤੋਂ ਭਾਰਤ ਵਿਚ ਪੋਲੀਓ ਦਾ ਇਕ ਵੀ ਕੇਸ ਨਹੀਂ ਮਿਲਿਆ ਅਤੇ ਵਿਸ਼ਵ ਸਿਹਤ ਸੰਗਠਨ ਵਲੋਂ ਭਾਰਤ ਨੂੰ ਪੋਲੀਓ ਮੁਕਤ ਦੇਸ਼ ਐਲਾਨ ਦਿੱਤਾ ਗਿਆ ਹੈ ਪਰ ਭਾਰਤ ਦੇ ਆਲੇ ਦੁਆਲੇ ਦੇ ਦੇਸ਼ਾਂ ਵਿਚ ਅਜੇ ਵੀ ਪੋਲੀਓ ਵਾਇਰਸ ਦੇ ਕੇਸ ਮਿਲ ਰਹੇ ਹਨ ਜਿਸ ਕਰਕੇ ਭਾਰਤ ਨੂੰ ਇਨ੍ਹਾਂ ਦੇਸ਼ਾਂ ਤੋਂ ਖਤਰਾ ਬਣਿਆ ਰਹਿੰਦਾ ਹੈ। ਸਹਾਇਕ ਸਿਵਲ ਸਰਜਨ ਪਵਨ ਕੁਮਾਰ ਨੇ ਦੱਸਿਆ ਕਿ 173 ਟੀਮਾਂ ਵਲੋਂ ਪ੍ਰਵਾਸੀ ਅਬਾਦੀ ਨੂੰ ਕਵਰ ਕਰਕੇ 22,905 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਦਾ ਟੀਚਾ ਮਿੱਥਿਆ ਗਿਆ ਹੈ।
ਸ਼ਾਹਕੋਟ (ਪੱਤਰ ਪ੍ਰੇਰਕ): ਪੋਲੀਓ ਨੂੰ ਖਤਮ ਕਰਨ ਲਈ ਹਾਈ ਰਿਸਕ ਖੇਤਰਾਂ, ਮਾਇਗ੍ਰੇਟਰੀ ਅਬਾਦੀ ਦੇ ਟਿਕਾਣਿਆਂ, ਟੱਪਰੀਵਾਸੀਆਂ ਅਤੇ ਝੁੱਗੀਆਂ ਵਿਚ ਰਹਿੰਦੇ 5 ਸਾਲ ਤੋਂ ਘੱਟ ਉਮਰ ਦੇ 461 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਐਸ.ਐਮ.ਓ ਸ਼ਾਹਕੋਟ ਡਾ. ਅਮਰਦੀਪ ਸਿੰਘ ਦੁੱਗਲ ਨੇ ਦੱਸਿਆ ਕਿ ਉਨ੍ਹਾਂ ਦੇ ਹਸਪਤਾਲ ਦੀਆਂ ਟੀਮਾਂ ਨੇ ਸ਼ਾਹਕੋਟ, ਮਲਸੀਆਂ, ਲੋਹੀਆਂ ਖਾਸ, ਰੂਪੇਵਾਲ ਦੇ ਵੱਖ-ਵੱਖ ਸਥਾਨਾਂ ’ਤੇ ਕੰਮ ਕਰਦੇ ਪਰਵਾਸੀ ਮਜ਼ਦੂਰਾਂ ਦੇ 526 ਘਰਾਂ ਵਿਚ ਜਾ ਕੇ ਉਨ੍ਹਾਂ ਦੇ ਬੱਚਿਆਂ ਨੂੰ ਪੋਲੀਓ ਦੀ ਦਵਾਈ ਪਿਲਾਈ।